ਨੀਂਦ ਅਤੇ ਖ਼ਵਾਇਸ਼ਾਂਤੇ ਕੰਟਰੋਲ ਕਰਨ ਵਾਲੇ ਨੂੰ ਤਰੱਕੀ ਤੋਂ ਰੋਕ ਨਹੀਂ ਸਕਦਾ : ਡਾ.ਕ੍ਰਿਸ਼ਨ ਕੁਮਾਰ ਰੱਤੂ

ਭਾਸ਼ਾ ਵਿਭਾਗ ਦਫ਼ਤਰ ਹੁਸ਼ਿਆਰਪੁਰ ਵਲੋਂ ਡਾ.ਰੱਤੂ ਨਾਲ ਰੂਰੂ ਸਮਾਗਮ ਸ਼ਾਨਦਾਰ ਹੋ ਨਿਬੜਿਆ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਡਾ. ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਹੁਸ਼ਿਆਰਪੁਰ ਵਿਖੇ ਪ੍ਰੋ: ਕ੍ਰਿਸ਼ਨ ਕੁਮਾਰ ਰੱਤੂ (ਡਾ.) ਉੱਘੇ ਲੇਖਕ ਤੇ ਬ੍ਰਾਡਕਾਸਟਰ ਉਪ-ਮਹਾਨਿਰਦੇਸ਼ਕ ਦੂਰਦਰਸ਼ਨ ਨਾਲ ਕਰਵਾਇਆ ਗਿਆ ਰੂ—ਬ—ਰੂ ਸਮਾਗਮ ਸ਼ਾਨਦਾਰ ਹੋ ਨਿਬੜਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਦਵਾਰਕਾ ਭਾਰਤੀ ਲੇਖਕ ਅਤੇ ਚਿੰਤਕ ਨੇ ਸ਼ਿਰਕਤ ਕੀਤੀ। ਜੀ ਆਇਆਂ ਸ਼ਬਦ ਸੰਸਥਾ ਦੇ ਮੁਖੀ ਪ੍ਰਿੰਸੀਪਲ ਬਲਵਿੰਦਰ ਕੁਮਾਰ ਨੇ ਆਖੇ। ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਅਤੇ ਕਾਰਜਾਂ ਬਾਰੇ ਜਾਣਕਾਰੀ ਡਾ.ਜਸਵੰਤ ਰਾਏ ਨੇ ਸੰਖੇਪ ਵਿੱਚ ਦਿੱਤੀ। ਉਪਰੰਤ ਹੁਣੇ-ਹੁਣੇ ਸਦੀਵੀ ਵਿਛੋੜਾ ਦੇ ਗਏ ਅੰਬੇਡਕਰੀ ਲੇਖਕ, ਸੰਪਾਦਕ ਅਤੇ ਚਿੰਤਕ ਲਾਹੌਰੀ ਰਾਮ ਬਾਲੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਡਾ.ਰੱਤੂ ਨੇ ਅਧਿਆਪਕਾਂ ਅਤੇ ਸੈਂਕੜੇ ਦੀ ਤਾਦਾਦ ਵਿੱਚ ਹਾਜ਼ਰ ਵਿਦਿਆਰਥਣਾਂ ਨਾਲ ‘ਰੂਹ ਸੇ ਸੰਵਾਦ’ ਰਚਾਇਆ। ਉਨ੍ਹਾਂ ਪ੍ਰਾਇਮਰੀ ਸਕੂਲ ਵਿੱਚ ਟਾਟ ’ਤੇ ਬੈਠ ਕੇ ਪੜ੍ਹਨ ਤੋਂ ਲੈ ਕੇ ਦੇਸ਼ ਦੇ ਅਨੇਕਾਂ ਰਾਜਾਂ ਦੇ ਦੁੂਰਦਰਸ਼ਨ ਦੇ ਡਾਇਰੈਕਟਰ ਵਜੋਂ ਸੇਵਾ ਕਰਨ ਦੇ ਅਨੇਕ ਬਿਰਤਾਂਤ ਸਾਂਝੇ ਕੀਤੇ। ਸੌ ਤੋਂ ਵੱਧ ਕਿਤਾਬਾਂ ਦੇ ਲੇਖਕ, ਅਨੁਵਾਦਕ ਤੇ ਸੰਪਾਦਕ ਡਾ. ਰੱਤੂ ਨੇ ਕਿਹਾ ਕਿ ਜੇਕਰ ਵਿਦਿਆਰਥੀ ਆਪਣੀ ਜ਼ਿੰਦਗੀ ਵਿੱਚ ਦੋ ਚੀਜ਼ਾਂ ਨੀਂਦ ਅਤੇ ਖ਼ਵਾਇਸ਼ਾਂ ’ਤੇ ਕੰਟਰੋਲ ਕਰ ਲਵੇ ਤਾਂ ਉਸਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਵਿਦਿਆਰਥਣਾਂ ਨੂੰ ਸਫ਼ਲ ਹੋਣ ਲਈ ‘ਮੋਬਾਇਲ ਫੋਨ ਉਪਵਾਸ’ ਰੱਖਣ ਦੀ ਵੀ ਤਾਕੀਦ ਕੀਤੀ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਅਨੇਕਾਂ ਸੰਸਥਾਵਾਂ ਵਲੋਂ ਸਨਮਾਨ ਦੇ ਨਾਲ-ਨਾਲ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ, ਪੰਜਾਬ ਸਰਕਾਰ ਵਲੋਂ ਪੰਜਾਬ ਰਤਨ ਤੇ ਉਤਰਾਖੰਡ ਸਰਕਾਰ ਵਲੋਂ ਉਤਰਾਖੰਡ ਰਤਨ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਾ ਹੈ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਦੇਸੀ ਤੇ ਵਿਦੇਸ਼ੀ ਜ਼ੁਬਾਨਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਸ ਸਮੇਂ ਹੋਏ ਸੰਵਾਦ ਵਿੱਚੋਂ ਵਿਦਿਆਰਥਣਾਂ ਨੂੰ ਸਵਾਲ ਜਵਾਬ ਕੀਤੇ ਗਏ ਤੇ ਜੇਤੂਆਂ ਨੂੰ ਭਾਸ਼ਾ ਵਿਭਾਗ ਵਜੋਂ ਸਨਮਾਨਿਤ ਕੀਤਾ ਗਿਆ। ਧੰਨਵਾਦੀ ਸ਼ਬਦ ਸਮਾਗਮ ਨੂੰ ਸਮੇਟਦਿਆਂ ਦਵਾਰਕਾ ਭਾਰਤੀ ਨੇ ਆਖੇ। ਇਸ ਮੌਕੇ ਭਾਸ਼ਾ ਵਿਭਾਗ ਵਜੋਂ ਡਾ. ਰੱਤੂ, ਦਵਾਰਕਾ ਭਾਰਤੀ, ਪ੍ਰਿੰਸੀਪਲ ਬਲਵਿੰਦਰ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਬੀ ਚਲਾਈ। ਇਸ ਸਮੇਂ ਕਾਮਰੇਡ ਰਜਿੰਦਰ ਸਿੰਘ, ਜਤਿੰਦਰ ਪ੍ਰਿੰਸ ਅਤੇ ਲਵਿਸ਼ਾ ਕਲਿਆਣ, ਕਾਂਤਾ ਦੇਵੀ, ਰਾਜਵਿੰਦਰ ਕੌਰ, ਹਰਵਿੰਦਰ ਕੌਰ, ਸੁਖਵਿੰਦਰ ਕੌਰ, ਪਵਨ ਕੁਮਾਰ, ਕਿਰਨ ਬਾਲਾ, ਨੀਲਮ ਰਾਣੀ, ਦੀਪਾ ਰਹੇਲਾ, ਦਵਿੰਦਰ ਸਿੰਘ ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।