ਮਰਨ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕਰਨ ਦੇ ਲਈ ਅੱਗੇ ਆਓ: ਸੰਜੀਵ ਅਰੋੜਾ
ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਰੋਟਰੀ ਆਈ ਬੈਂਕ ਐਂਡ ਕੋਰਨੀਆ ਟ੍ਰਾਂਸਪਲਾਟੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵਕ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਲਤਾਫ ਹੁਸੈਨ ਨਿਵਾਸੀ ਰਾਜੌਰੀ, ਜੰਮੂ-ਕਸ਼ਮੀਰ ਜੋ ਕਿ ਲੰਬੇ ਸਮੇਂ ਤੋਂ ਹਨੇਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਉਸ ਨੂੰ ਨਵੀਂ ਅੱਖ ਲਗਵਾਉਣ ਲਈ ਪ੍ਰੋਗਰਾਮ ਦਾ ਆਯੋਜਨ ਬਾਲੀ ਹਸਪਤਾਲ ਮਾਡਲ ਟਾਊਨ ਵਿਖੇ ਕੀਤਾ ਗਿਆ। ਸੀ.ਐਮ.ਓ ਕੋਰਨੀਆ ਅਤੇ ਰਿਫਰੈਕਟਿਵ ਸਰਜਨ ਸੰਕਾਰਾ ਆਈ ਹਸਪਤਾਲ ਤੋਂ ਡਾ.ਮਨੋਜ ਗੁਪਤਾ ਵਲੋਂ ਅਲਤਾਫ ਹੁਸੈਨ ਦਾ ਆਪ੍ਰੇਸ਼ਨ ਕਰਕੇ ਨਵੀਂ ਅੱਖ ਲਗਾਈ ਗਈ। ਉਨਾਂ ਨਾਲ ਆਈ ਬੈਂਕ ਲੁਧਿਆਣਾ ਦੇ ਇੰਚਾਰਜ ਮੈਡਮ ਈਸ਼ਾ ਵੀ ਮੌਜੂਦ ਸਨ। ਪ੍ਰਧਾਨ ਸੰਜੀਵ ਅਰੋੜਾ ਨੇ ਕਿਹਾ ਕਿ ਰੋਟਰੀ ਆਈ ਬੈਂਕ ਪ੍ਰਦੇਸ਼ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਕੋਰਨੀਆ ਬਲਾਇੰਡਨੈਸ ਤੋਂ ਪੀੜ੍ਹਿਤ ਲੋਕਾਂ ਨੂੰ ਰੋਸ਼ਨੀ ਦੇਕੇ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਿਹਾ ਹੈ ਅਤੇ ਉਨਾਂ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਅਨਮੋਲ ਅੰਗ ਹਨ। ਇਸ ਦੀ ਸੰਭਾਲ ਕਰਨੀ ਸਾਡੀ ਜ਼ਿੰਮੇਦਾਰੀ ਬਣਦੀ ਹੈ ਕਿਉਂਕਿ ਇਸ ਤੋਂ ਬਿਨ੍ਹਾਂ ਖੁਸ਼ਹਾਲ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਇਸ ਲਈ ਅੱਖਾਂ ਨਾਲ ਜੁੜੀ ਹਰ ਸਮੱਸਿਆ ਨੂੰ ਹਲਕੇ ਵਿੱਚ ਨਾ ਲਓ ਅਤੇ ਥੋੜੀ ਜਿਹੀ ਸਮੱਸਿਆ ਹੋਣ ਤੇ ਤੁਰੰਤ ਡਾਕਟਰ ਤੋਂ ਸਲਾਹ ਲਓ ਅਤੇ ਇਸ ਦੇ ਨਾਲ ਮਰਨ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਸੰਕਲਪ ਲਓ, ਕਿਉਂਕਿ ਤੁਹਾਡੇ ਇਸ ਸੰਕਲਪ ਨਾਲ ਕਈ ਲੋਕਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰੀ ਜਾ ਸਕਦੀ ਹੈ। ਅਰੋੜਾ ਨੇ ਕਿਹਾ ਕਿ ਮਰਨ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਹਨੇਰੀ ਜ਼ਿੰੰਦਗੀ ਨੂੰ ਰੋਸ਼ਨ ਕਰਨ ਦੇ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਜਿਸ ਨਾਲ ਜਲਦੀ ਹੀ ਭਾਰਤ ਨੂੰ ਕੋਰਨੀਆ ਬਲਾਇੰਡੈਨਸ ਤੋਂ ਮੁਕਤ ਕੀਤਾ ਜਾ ਸਕੇ। ਚੇਅਰਮੈਨ ਜੇ.ਬੀ ਬਹਿਲ ਨੇ ਦੱਸਿਆ ਕਿ ਅਲਤਾਫ ਹੁਸੈਨ ਜੋ ਕਿ ਲੰਬੇ ਸਮੇਂ ਤੋਂ ਦੋਨੋਂ ਅੱਖਾਂ ਤੋਂ ਕੋਰਨੀਆ ਬਲਾਇੰਡਨੈਸ ਦੇ ਕਾਰਨ ਹਨੇਰੀ ਜਿੰਦਗੀ ਬਤੀਤ ਕਰ ਰਿਹਾ ਸੀ। ਉਸ ਨੂੰ ਰੋਟਰੀ ਆਈ ਬੈਂਕ ਦੁਆਰਾ ਇਕ ਅੱਖਾ ਲਗਵਾ ਕੇ ਉਸ ਨੂੰ ਫਿਰ ਦੇਖਣ ਦੇ ਕਾਬਲ ਬਣਾ ਕੇ ਸੁਸਾਇਟੀ ਨੇ ਟੀਚੇ ਦੀ ਪੂਰਤੀ ਵਿੱਚ ਇਕ ਕਦਮ ਹੋਰ ਵਧਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਸਾਡੇ ਸ਼ਾਸਤਰਾਂ ਵਿੱਚ ਕੰਨਿਆ ਦਾਨ ਅਤੇ ਅੰਨਦਾਨ ਦਾ ਮਹੱਤਵ ਹੈ ਉਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਅੱਖਾਂ ਦਾ ਦਾਨ ਵੀ ਸਾਡੀ ਸੰਸਕ੍ਰਿਤੀ ਦਾ ਅਭਿੰਨ ਅੰਗ ਬਣ ਰਿਹਾ ਹੈ। ਜਿਸ ਦੇ ਪ੍ਰਤੀ ਸੁਸਾਇਟੀ ਵਲੋਂ ਜਾਗਰੂਕਤਾ ਫੈਲਾਈ ਜਾ ਰਹੀ ਹੈ। ਬਹਿਲ ਨੇ ਕਿਹਾ ਕਿ ਅੱਖਾਂ ਦਾ ਦਾਨ ਹੀ ਇਕ ਇਸ ਤਰ੍ਹਾਂ ਦਾ ਦਾਨ ਹੈ ਜੋ ਵਿਅਕਤੀ ਨੂੰ ਸੰਸਾਰ ਤੋਂ ਜਾਣ ਦੇ ਬਾਅਦ ਕਰਨਾ ਹੁੰਦਾ ਹੈ। ਜੀਉਂਦੇ ਜੀਅ ਜਿਥੇ ਅਸੀਂ ਇਨਾਂ ਅੱਖਾਂ ਨਾਲ ਇਸ ਸੁੰਦਰ ਸੰਸਾਰ ਨੂੰ ਦੇਖਦੇ ਹਾਂ ਉਥੇ ਸਾਡੇ ਮਰਨ ਤੋਂ ਬਾਅਦ ਵੀ ਇਹ ਅੱਖਾਂ ਕਿਸੀ ਲਈ ਵਰਦਾਨ ਬਣਦੀਆਂ ਹਨ। ਇਸ ਲਈ ਅੱਖਾਂ ਦਾਨ ਕਰਕੇ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਜ਼ਿੰਦਾ ਰਹਿਣਗੀਆਂ, ਕਿਉਂਕਿ ਇਹ ਕਿਸੇ ਦੀ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਭਰਦੀਆਂ ਹਨ। ਇਸ ਮੌਕੇ ਤੇ ਡਾ.ਜਮੀਲ ਬਾਲੀ, ਮਿਸ ਕੁਲਦੀਪ ਕੋਹਲੀ, ਡਾ.ਰਾਜੀਵ ਵਰਮਾ, ਮਦਨ ਲਾਲ ਮਹਾਜਨ, ਅਵੀਨਾਸ਼ ਸੂਦ, ਵੀਨਾ ਚੋਪੜਾ, ਕੁਲਦੀਪ ਰਾਏ ਗੁਪਤਾ, ਰੇਨੂ ਕੰਵਰ ਆਦਿ ਮੌਜੂਦ ਸਨ।