ਨਵਾਂ ਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ): ਪ੍ਰਾਇਮਰੀ ਸਿੱਖਿਆ ਵਿਭਾਗ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਈ ਵੀ ਡੀਡੀਓ ਨਾ ਹੋਣ ਕਾਰਨ ਆ ਰਹੀਆਂ ਦਰਪੇਸ ਮੁਸਕਲਾਂ ਸੰਬੰਧੀ ਅਧਿਆਪਕਾਂ ਦਾ ਇੱਕ ਵਫ਼ਦ ਗੁਰਦਿਆਲ ਮਾਨ ਬੀਐਡ ਫਰੰਟ ਪੰਜਾਬ ਸੂਬਾ ਪ੍ਰੈਸ ਸਕੱਤਰ ਦੀ ਅਗਵਾਈ ਹੇਠ ਲਲਿਤ ਮੋਹਨ ਪਾਠਕ (ਬੱਲੂ) ਹਲਕਾ ਇਨਚਾਰਜ ਆਮ ਆਦਮੀ ਪਾਰਟੀ ਨੂੰ ਮਿਲਿਆ।ਵਫਦ ਨੇ ਉਨ੍ਹਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਬੁਲੰਦੀਆਂ ਉੱਤੇ ਲੈਕੇ ਜਾਣ ਲਈ ਅਧਿਆਪਕਾ ਵਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ।ਪਰ ਜਦੋਂ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਦੀ, ਫਿਰ ਉਨ੍ਹਾਂ ਦਾ ਮਨੋਬਲ ਡਗਮਗਾਉਣ ਲੱਗ ਪੈਂਦਾ ਹੈ।ਵਫ਼ਦ ਨੇ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਾਇਮਰੀ ਵਿਭਾਗ ਵਿੱਚ ਪਿਛਲੇ ਕਰੀਬ ਛੇ ਮਹੀਨੇ ਤੋਂ ਕੋਈ ਵੀ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਨਹੀਂ ਹੈ। ਇਸ ਤੋਂ ਵੀ ਵੱਡੀ ਤਰਾਸਦੀ ਇਹ ਹੈ ਕਿ ਜਿਲ੍ਹੇ ਅੰਦਰ ਕੰਮ ਕਰਦੇ 2 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੀ 31 ਮਾਰਚ ਨੂੰ ਸੇਵਾ ਮੁਕਤ ਹੋ ਚੁੱਕੇ ਹਨ। ਇਸ ਵਕਤ ਜਿਲੇ ਅੰਦਰ ਨਾ ਕੋਈ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਅਤੇ ਨਾ ਹੀ ਕੋਈ ਬਲਾਕ ਪ੍ਹਾਇਮਰੀ ਸਿੱਖਿਆ ਅਫ਼ਸਰ ਹੈ। ਜਦੋਂ ਕਿ ਜਿਲ੍ਹੇ ਅੰਦਰ ਸੱਤ ਐਜੂਕੇਸ਼ਨਲ ਬਲਾਕ ਹਨ। ਕੋਈ ਵੀ ਬਲਾਕ ਐਜੂਕੇਸ਼ਨ ਅਫ਼ਸਰ ਨਾ ਹੋਣ ਕਰਕੇ ਪ੍ਰਾਇਮਰੀ ਸਿੱਖਿਆ ਦਾ ਕੰਮ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਅਧਿਆਪਕਾ ਦੀਆਂ ਡੀਡੀਓ ਪਾਵਰਾਂ ਨਾ ਹੋਣ ਕਰਕੇ ਤਨਖਾਹਾਂ ਜਾਰੀ ਕਰਵਾਉਣ ਲਈ ਵੀ ਮੁਸਕਲ ਆ ਰਹੀ ਹੈ। ਵਫ਼ਦ ਨੇ ਇਹ ਵੀ ਦੱਸਿਆ ਕਿ ਮਾਰਚ ਮਹੀਨਾ ਵਿੱਤੀ ਵਰ੍ਹੇ ਦਾ ਆਖਰੀ ਮਹੀਨਾ ਸੀ।ਸਰਕਾਰ ਅਤੇ ਵਿਭਾਗ ਵਲੋਂ ਬਹੁਤ ਸਾਰੀਆਂ ਗ੍ਰਾਂਟਾ ਆਖਰੀ ਦਿਨਾਂ ਵਿੱਚ ਜਾਰੀ ਕੀਤੀਆ ਗਈਆਂ ਸਨ, ਜਿਨ੍ਹਾਂ ਨੂੰ ਖ਼ਰਚਣ ਲਈ ਵੀ ਵੱਡੀ ਮੁਸਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਵਫ਼ਦ ਵਲੋਂ ਇਹ ਵੀ ਦੱਸਿਆ ਗਿਆ ਕਿ ਨਵੇਂ ਦਾਖਲੇ ਚੱਲ ਰਹੇ ਹਨ ਅਤੇ ਨਵਾਂ ਵਿੱਦਿਅਕ ਵਰ੍ਹਾਂ ਵੀ ਸ਼ੁਰੂ ਹੋ ਗਿਆ ਹੈ, ਪਰ ਸਰਕਾਰੀ ਸਕੂਲਾਂ ਵਿੱਚ ਵਿਭਾਗ ਵਲੋਂ ਹਾਲੇ ਤੱਕ ਕਿਤਾਬਾ ਨਹੀਂ ਪਹੁੰਚਾਆਈਆਂ ਗਈਆ, ਜਿਸ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਫ਼ਦ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਡੀਡੀਓ ਪਾਵਰਾਂ ਜਾਰੀ ਕੀਤੀਆਂ ਜਾਣ ਅਤੇ ਸਕੂਲਾਂ ਵਿੱਚ ਕਿਤਾਬਾਂ ਭੇਜੀਆਂ ਜਾਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।ਵਫ਼ਦ ਨੂੰ ਹਲਕਾ ਇਨਚਾਰਜ ਨੇ ਵਿਸ਼ਵਾਸ਼ ਦਿੰਦਿਆ ਕਿਹਾ ਕਿ ਉਹ ਇਸ ਮਸਲੇ ਨੂੰ ਅੱਜ ਹੀ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਪਹਿਲ ਦੇ ਅਧਾਰ ਉੱਤੇ ਹਫ਼ਤੇ ਦੇ ਅੰਦਰ-ਅੰਦਰ ਹੱਲ ਕਰਵਾਉਣਗੇ।ਵਫ਼ਦ ਵਿੱਚ ਗੁਰਦਿਆਲ ਮਾਨ ਸੂਬਾ ਪ੍ਰੈਸ ਸਕੱਤਰ ਬੀਐਡ ਫਰੰਟ ਪੰਜਾਬ, ਨੀਲ ਕਮਲ, ਪਵਨ ਕੁਮਾਰ, ਰੇਸ਼ਮ ਲਾਲ ਅਤੇ ਪਵਨਦੀਪ ਸ਼ਾਮਿਲ ਸਨ।

Previous articleपाकिस्तान तस्करों ने फिर की हरकत
Next articleਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਵਲੋਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ