36 ਵੇਂ ਦੰਦਾਂ ਦੀ ਸਿਹਤ ਸੰਭਾਲ ਪੰਦਰਵਾੜੇ ਦੀ ਰਸਮੀ ਸ਼ੁਰੂਆਤ

ਹੁਸ਼ਿਆਰਪੁਰ, (ਰਾਜਦਾਰ ਟਾਇਮਸ): 36ਵੇਂ ਦੰਦਾਂ ਦੀ ਸਿਹਤ ਸੰਭਾਲ ਪੰਦਰਵਾੜੇ ਦੀ ਰਸਮੀ ਸ਼ੁਰੂਆਤ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਜੀ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਦੰਦਾਂ ਦੇ ਵਿਭਾਗ ਵਿਖੇ ਕੀਤੀ ਗਈ। ਇਸ ਰਸਮੀ ਸ਼ੁਰੂਆਤ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ, ਡੈਂਟਲ ਸਰਜਨ ਡਾ.ਬਲਜੀਤ ਕਟਾਰੀਆ, ਡਾ.ਨਵਨੀਤ ਕੌਰ, ਡਾ.ਸਨਮ ਕੁਮਾਰ, ਡਾ.ਲਕਸ਼ਮੀ ਕਾਂਤ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਅਤੇ ਪੈਰਾ ਮੈਡੀਕਲ ਸਟਾਫ ਸ਼ਾਮਿਲ ਹੋਏ।

ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਇੱਕਤਰ ਲੋਕਾਂ ਨੂੰ ‘ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ’ ਦਾ ਸੰਦੇਸ਼ ਦਿੰਦੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਆਪਣੇ ਸਰੀਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਉਸੇ ਤਰ੍ਹਾਂ ਦੰਦਾਂ ਦੀ ਸੰਭਾਲ ਵੀ ਬਹੁਤ ਜਰੂਰੀ ਹੈ। ਜੇਕਰ ਆਪਣੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਡਾਕਟਰ ਕੋਲ ਜਾਣ ਜਾਂ ਬੀਮਾਰੀਆਂ ਦੇ ਆਉਣ ਦੀ ਨੋਬਤ ਹੀ ਨਹੀਂ ਆਉਂਦੀ। ਦੰਦ ਵੀ ਬਾਕੀ ਅੰਗਾਂ ਦੀ ਤਰ੍ਹਾਂ ਸਾਰੀ ਉਮਰ ਸਾਥ ਦੇ ਸਕਦੇ ਹਨ ਜੇਕਰ ਅਸੀਂ ਦੰਦਾਂ ਦੀ ਨਿਯਮਿਤ ਸਫਾਈ ਵੱਲ ਧਿਆਨ ਦੇਈਏ ਅਤੇ ਨਿਯਮਿਤ ਡੈਂਟਿਸਟ ਕੋਲ ਚੈਕਅਪ ਕਰਵਾਈਏ। ਕਿਉਂਕਿ ਮੁੱਢਲੀ ਸਟੇਜ ਵਿਚ ਦੰਦਾਂ ਦੀ ਕੋਈ ਵੀ ਬਿਮਾਰੀ ਹੋਵੇ ਤਾਂ ਉਸ ਦਾ ਪਤਾ ਲਗਾ ਕੇ ਉਸਨੂੰ ਜਲਦੀ ਹੀ ਠੀਕ ਕੀਤਾ ਜਾ ਸਕਦਾ ਹੈ। ਨੀਮ ਹਕੀਮ ਦੰਦਾਂ ਦੇ ਡਾਕਟਰਾਂ ਤੋਂ ਇਲਾਜ਼ ਕਰਵਾਉਣ ਤੋਂ ਬਚਣਾ ਜ਼ਰੂਰੀ ਹੈ ਕਿਉਂਕਿ ਕਿਸੇ ਤਰ੍ਹਾਂ ਦੀ ਅਣਗਹਿਲੀ ਨਾਲ ਭਿਆਨਕ ਰੋਗ ਪੈਦਾ ਹੋ ਸਕਦੇ ਹਨ। ਉਹਨਾਂ ਨੇ ਅਪੀਲ ਕੀਤੀ ਕਿ ਦੰਦਾਂ ਦੇ ਪੰਦਰਵਾੜੇ ਵਿਚ ਇਹਨਾਂ ਕੈਂਪਾਂ ਵਿੱਚ ਆਪਣੇ ਦੰਦਾਂ ਦੀ ਜਾਂਚ ਕਰਵਾ ਕੇ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਦਾ  ਲਾਭ ਜਰੂਰ ਉਠਾਓ।

ਡਾ.ਬਲਜੀਤ ਕਟਾਰੀਆ ਨੇ ਕਿਹਾ ਕਿ 03 ਸਤੰਬਰ ਤੋਂ 18 ਸਤੰਬਰ 2023 ਤੱਕ ਚੱਲਣ ਵਾਲੇ ਇਸ ਦੰਦਾਂ ਦੇ ਪੰਦਰਵਾੜੇ ਦੌਰਾਨ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ਼ ਦੰਦਾਂ ਦੇ ਮਾਹਿਰ ਡਾਕਟਰ ਵੱਲੋਂ ਮੁਫ਼ਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿਲ੍ਹਾ ਹਸਪਤਾਲ ਅਤੇ ਐਸ.ਡੀ.ਐਚ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਹਸਪਤਾਲਾਂ ਅਤੇ ਪੀ.ਐਚ ਸੀਜ਼ ਸਮੇਤ 15 ਥਾਵਾਂ ਤੇ ਕੈੰਪ ਲਗਾਏ ਜਾ ਰਹੇ ਹਨ। ਇਸ ਪੰਦਰਵਾੜੇ ਵਿੱਚ 160 ਫਰੀ ਡੈਂਚਰ ਲੋੜਵੰਦ ਮਰੀਜ਼ਾਂ ਦੇ ਲਗਾਏ ਜਾਣਗੇ। ਕੈਂਪਾਂ ਦੌਰਾਨ ਹਰ ਕਿਸਮ ਦੀਆਂ ਦੰਦਾਂ ਦੀਆਂ ਬਿਮਾਰੀਆਂ ਜਿਵੇਂ ਦੰਦਾਂ ਦੀ ਸਫ਼ਾਈ, ਦੰਦ ਕੱਢਣੇ, ਦੰਦਾਂ ਦੀ ਆਰ.ਸੀ.ਟੀ ਸਕੇਲਿੰਗ, ਫਿਲਿੰਗ, ਐਕਸਟ੍ਰੇਸ਼ਨ ਆਦਿ ਦਾ ਇਲਾਜ ਕੀਤਾ ਜਾਵੇਗਾ। ਇਸ ਪੰਦਰਵਾੜੇ ਦੌਰਾਨ ਸਕੂਲੀ ਬੱਚਿਆਂ ਦੇ ਦੰਦਾਂ ਦੀ ਵੀ ਜਾਂਚ ਕੀਤੀ ਜਾਵੇਗੀ।ਇਸ ਮੌਕੇ ਡਾ ਨਵਨੀਤ ਕੌਰ ਨੇ ਦੰਦਾਂ ਦੀ ਸੰਭਾਲ ਕਰਨ ਲਈ ਦਿਨ ਵਿੱਚ ਦੋ ਵਾਰ ਬਰਸ਼ ਕਰਨ ਅਤੇ ਮਿੱਠੀਆਂ ਤੇ ਚਿਪਕਣ ਵਾਲੀਆਂ ਚੀਜ਼ਾਂ ਨਾ ਖਾਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਖਰਾਬ ਦੰਦ ਅਤੇ ਮੂੰਹ ਦੀਆਂ ਬੀਮਾਰੀਆਂ ਕਈ ਵਾਰ ਕੈਂਸਰ ਵਰਗੀਆਂ ਭਿਆਨਕ ਸ਼ਰੀਰਕ ਬੀਮਾਰੀਆਂ ਪੈਦਾ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਦੰਦਾਂ ਦੀਆਂ ਬੀਮਾਰੀਆਂ ਤੋਂ ਬਚੱਣ ਲਈ ਹਰ 6 ਮਹੀਨੇ ਬਾਅਦ ਕਿਸੇ ਮਾਹਰ ਡਾਕਟਰ ਤੋਂ ਦੰਦਾਂ ਦਾ ਚੈਕਅਪ ਕਰਵਾਉਣਾ ਬਹੁਤ ਜਰੂਰੀ ਹੈ।