15 ਸੌ ਮਿੱਲ ਵਰਕਰਾਂ ਦੀਆਂ ਪਿਛਲੇ ਪੰਜ ਮਹੀਨਿਆਂ ਦੀਆਂ ਤਨਖ਼ਾਹਾਂ ਦਾ ਜਲਦ ਤੋਂ ਜਲਦ ਕੀਤਾ ਜਾਵੇ ਭੁਗਤਾਨ : ਐਡਵੋਕੇਟ ਅਜੇ ਕੁਮਾਰ
ਕਿਹਾ, ਕੀਤੀ ਜਾ ਰਹੀ ਹੈ ਮਿੱਲ ਪ੍ਰਬੰਧਕਾਂ ਵੱਲੋਂ ਮਜ਼ਦੂਰਾਂ ਵਰਕਰਾਂ ਦੇ ਨਾਲ ਧੱਕਾ ਅਤੇ ਬੇਇਨਸਾਫ਼ੀ
ਫਗਵਾੜਾ,(ਰਾਜਦਾਰ ਟਾਇਮਸ): ਪੰਜਾਬ ਦੀ ਮਸ਼ਹੂਰ ਜੇ.ਸੀ.ਟੀ ਮਿੱਲ ਦੇ 1500 ਦੇ ਕਰੀਬ ਵਰਕਰਾਂ ਵਲੋਂ ਪਿਛਲੇ 9 ਮਹੀਨਿਆਂ ਤੋਂ ਤਨਖਾਹਾਂ ਅਤੇ ਓਵਰ ਟਾਈਮ ਦੇ ਪੈਸੇ ਨਾ ਮਿਲਣ ਦੇ ਵਿਰੋਧ ਵਿੱਚ ਮਿੱਲ ਦੇ ਗੇਟ ਤੇ ਹੀ ਪਿਛਲੇ 7 ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਰੋਜ਼ ਭਗਵਾਨ ਵਾਲਮੀਕਿ ਸ਼ਕਤੀ ਸੇਨਾ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਅਤੇ ਸ਼੍ਰੀ ਗੁਰੂ ਰਵਿਦਾਸ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਦਿਲਵਰ ਸਿੰਘ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਸਹਿਤ ਮਿੱਲ ਮਜ਼ਦੂਰਾਂ ਦੀਆਂ ਮੰਗਾਂ ਨੂੰ ਆਪਣਾ ਸਮਰਥਨ ਦੇਣ ਲਈ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਧਰਨਾ ਦੇ ਰਹੇ ਮਜ਼ਦੂਰ ਆਗੂਆਂ ਵਲੋਂ ਐਡਵੋਕੇਟ ਅਜੇ ਕੁਮਾਰ ਅਤੇ ਉਹਨਾਂ ਦੇ ਸਾਥੀਆਂ ਨੂੰ ਮਿੱਲ ਪ੍ਰਬੰਧਕਾਂ ਵੱਲੋਂ ਮਜ਼ਦੂਰਾਂ ਨਾਲ ਕੀਤੇ ਜਾ ਰਹੇ ਧੱਕੇ ਤੋਂ ਜਾਣੂ ਕਰਵਾਇਆ ਗਿਆ।ਇਸ ਉਪਰੰਤ ਆਪਣੇ ਵਿਚਾਰ ਰੱਖਦਿਆਂ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਅਤੇ ਦਿਲਵਰ ਸਿੰਘ ਨੇ ਕਿਹਾ ਕਿ ਮਿੱਲ ਪ੍ਰਬੰਧਕਾਂ ਵੱਲੋਂ ਮਜ਼ਦੂਰਾਂ ਵਰਕਰਾਂ ਦੇ ਨਾਲ ਜੋ ਧੱਕਾ ਅਤੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ।ਉਸ ਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ 1500 ਦੇ ਕਰੀਬ ਵਰਕਰਾਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ ਅਤੇ ਪਿਛਲੇ 9 ਮਹੀਨਿਆਂ ਤੋਂ ਓਵਰ ਟਾਈਮ ਦਾ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਵਰਕਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਮਜ਼ਦੂਰ ਮਹਿੰਗੇ ਵਿਆਜ਼ ਦਰਾਂ ਤੇ ਪੈਸੇ ਉਧਾਰ ਲੈ ਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਹਨ, ਪਰ ਇਨ੍ਹਾਂ ਲੰਮਾਂ ਸਮਾਂ ਬੀਤਣ ਤੋਂ ਬਾਅਦ ਹੁਣ ਕੋਈ ਉਹਨਾਂ ਨੂੰ ਇੱਕ ਰੁਪਿਆ ਵੀ ਉਧਾਰ ਦੇਣ ਨੂੰ ਤਿਆਰ ਨਹੀਂ ਹੈ। ਸਕੂਲਾਂ ਦੀਆਂ ਫ਼ੀਸਾਂ ਨਾ ਦੇ ਸਕਣ ਕਾਰਨ ਅਨੇਕਾਂ ਮਜ਼ਦੂਰ ਵਰਕਰਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਕੱਢ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮਿੱਲ ਮਾਲਕਾਂ ਅਤੇ ਪ੍ਰਬੰਧਕਾਂ ਵੱਲੋਂ ਵਰਕਰਾਂ ਨਾਲ ਕੀਤੇ ਜਾ ਰਹੇ ਇਸ ਧੱਕੇ ਅਤੇ ਬੇਇਨਸਾਫ਼ੀ ਦੇ ਵਿਰੋਧ ਵਿੱਚ ਉਹ ਪੂਰੀ ਤਰ੍ਹਾਂ ਨਾਲ ਮਜ਼ਦੂਰ ਵਰਕਰਾਂ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਉਹਨਾਂ ਦੇ ਬਣਦੇ ਹੱਕ ਦਵਾਉਣ ਲਈ ਮਜ਼ਦੂਰ ਵਰਕਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ। ਉਹਨਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਰਕਾਰਾਂ ਇਸ ਮਸਲੇ ਵਿੱਚ ਦਖ਼ਲ ਦੇ ਕੇ ਭੁੱਖੇ ਮਰ ਰਹੇ ਮਜ਼ਦੂਰ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਹੱਕ ਦਿਵਾਉਣ। ਇਸ ਮੌਕੇ ਤੇ ਭਗਵਾਨ ਵਾਲਮੀਕਿ ਸ਼ਕਤੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਰਾਜਨ ਥਾਪਰ, ਸ਼੍ਰੀ ਗੁਰੂ ਰਵਿਦਾਸ ਸੇਨਾ ਦੇ ਸੂਬਾ ਸਕੱਤਰ ਇੰਜੀਨੀਅਰ ਲਵ ਕੁਮਾਰ, ਰਾਜ ਕੁਮਾਰ ਸ਼ੇਰਾ, ਪ੍ਰਮੋਦ ਮਿਸ਼ਰਾ, ਪਰਮਜੀਤ ਥਿੰਦ, ਜਸਕਰਨ ਸਿੰਘ, ਪ੍ਰਿੰਸ, ਕਰਮਨ ਸਿੰਘ, ਸੁਖਮਨ ਸਿੰਘ, ਕ੍ਰਿਸ਼ ਸੁੰਨੜ, ਹੈਪੀ, ਗੋਲਡੀ ਮੱਲ ਆਦਿ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।