ਫਗਵਾੜਾ,(ਸ਼ਿਵ ਕੋੜਾ): ਲੋਕਸਭਾ ਅਤੇ ਰਾਜਸਭਾ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਰਿਕਾਰਡ ਗਿਣਤੀ ਵਿਚ ਮੁਅੱਤਲ ਕੀਤੇ ਜਾਣ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਸੁਨੀਲ ਚਮ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਵਲੋਂ ਕੇਂਦਰ ਸਰਕਾਰ ’ਤੇ ਲੋਕਤੰਤਰ ਦਾ ਕਤਲ ਕਰਨ ਦੇ ਦੋਸ਼ ਲਗਾਉਣਾ ਬਿਲਕੁਲ ਗਲਤ ਹੈ ਕਿਉਂਕਿ ਲੋਕਤੰਤਰ ਦਾ ਘਾਣ ਉਦੋਂ ਹੁੰਦਾ ਹੈ। ਜਦੋਂ ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਬੇਲੋੜਾ ਵਿਘਨ ਪਾਇਆ ਜਾਂਦਾ ਹੈ। ਉਨ੍ਹਾਂ ਟੀਐਮਸੀ ਸੰਸਦ ਮੈਂਬਰ ਵੱਲੋਂ ਉਪ ਰਾਸ਼ਟਰਪਤੀ ਅਤੇ ਰਾਜਸਭਾ ਦੇ ਚੇਅਰਪਰਸਨ ਜਗਦੀਪ ਧਨਖੜ ਦੀ ਨਕਲ ਨੂੰ ਪੂਰੀ ਤਰ੍ਹਾਂ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕਰਨਾ ਸਿੱਧੇ ਤੌਰ ਤੇ ਚੇਅਰ ਦਾ ਅਪਮਾਨ ਹੈ ਜਿਸ ਲਈ ਟੀ.ਐਮ.ਸੀ. ਸਾਂਸਦ ਨੂੰ ਤੁਰੰਤ ਖਿਮਾ ਮੰਗਣੀ ਚਾਹੀਦੀ ਹੈ। ਚਮ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਇਸ ਸ਼ਰਮਨਾਕ ਘਟਨਾ ਦੀ ਮੁਸਕਰਾਉਂਦੇ ਹੋਏ ਵੀਡੀਓ ਬਣਾਉਣਾ ਅਤੇ ਕਿਸੇ ਵੀ ਸੀਨੀਅਰ ਕਾਂਗਰਸੀ ਵੱਲੋਂ ਆਪਣੇ ਭਾਈਵਾਲ ਟੀ.ਐਮ.ਸੀ ਸੰਸਦ ਮੈਂਬਰ ਨੂੰ ਨਾ ਰੋਕਣਾ ਦਰਸਾਉਂਦਾ ਹੈ ਕਿ ਇਹ ਸਭ ਕੁਝ ਕਾਂਗਰਸ ਦੀ ਉਕਸਾਹਟ ’ਤੇ ਹੋ ਰਿਹਾ ਹੈ। ਕਾਂਗਰਸ ਪਾਰਟੀ ਨੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਰਗੇ ਵੱਡੇ ਰਾਜਾਂ ਵਿੱਚ ਆਪਣੀ ਕਰਾਰੀ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ। ਇੱਕ ਸਵਾਲ ਦੇ ਜਵਾਬ ਵਿੱਚ ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਜਨਤਾ ਵਿੱਚ ਜਾ ਕੇ ਕਹਿ ਚੁੱਕੇ ਹਨ ਕਿ ਸੰਸਦ ਵਿੱਚ ਘੁਸਪੈਠ ਬਰਦਾਸ਼ਤਯੋਗ ਨਹੀਂ ਹੈ ਅਤੇ ਸਰਕਾਰ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਜਿਹੀ ਮੰਦਭਾਗੀ ਘਟਨਾ ਦੁਬਾਰਾ ਨਾ ਵਾਪਰੇ, ਇਸ ਲਈ ਵਿਰੋਧੀ ਧਿਰ ਵੱਲੋਂ ਸੰਸਦ ਵਿੱਚ ਬਿਆਨ ਦੇਣ ਦੀ ਜ਼ਿੱਦ ਬੇਅਰਥ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਵਿਰੋਧੀ ਧਿਰ ਕੋਲ ਨਾ ਤਾਂ ਕੋਈ ਮੁੱਦਾ ਹੈ ਅਤੇ ਨਾ ਹੀ ਕੋਈ ਅਜਿਹਾ ਆਗੂ ਜੋ ਸਾਰਿਆਂ ਨੂੰ ਸਵੀਕਾਰ ਹੋਵੇ। ਜਿਸ ਕਰਕੇ ਕਾਂਗਰਸ ਸਮੇਤ ਸਮੁੱਚੀਆਂ ਵਿਰੋਧੀ ਪਾਰਟੀਆਂ ਆਗਾਮੀ ਲੋਕਸਭਾ ਚੋਣਾਂ ਵਿੱਚ ਸਪੱਸ਼ਟ ਹਾਰ ਦੇਖ ਕੇ ਬੌਖਲਾਹਟ ਵਿਚ ਹਨ ਹਨ। ਇਸੇ ਲਈ ਉਹ ਹਲਕੀ ਰਾਜਨੀਤੀ ਕਰਨ ’ਤੇ ਤੁਲੇ ਹੋਏ ਹਨ ਪਰ ਜਨਤਾ ਸਭ ਕੁਝ ਦੇਖ ਰਹੀ ਹੈ। ਖਾਸ ਕਰਕੇ ਜੇਕਰ ਕਾਂਗਰਸ ਇਸ ਤਰ੍ਹਾਂ ਦੀ ਨਕਾਰਾਤਮਕ ਰਾਜਨੀਤੀ ਜਾਰੀ ਰੱਖਦੀ ਹੈ ਤਾਂ ਲੋਕਸਭਾ ਚੋਣਾਂ ਵਿਚ ਇਸ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋਣਾ ਤੈਅ ਹੈ।