ਫਗਵਾੜਾ,(ਸ਼ਿਵ ਕੋੜਾ): ਰਾਸ਼ਟਰੀ ਮੂਲਨਿਵਾਸੀ ਸੰਘ ਫਗਵਾੜਾ ਯੂਨਿਟ ਵੱਲੋਂ ਭਾਰਤੀ ਸੰਵਿਧਾਨ ਦਿਵਸ ਮੌਕੇ ਅੱਜ ਡਾ.ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰਾਸ਼ਟਰੀ ਮੂਲ ਨਿਵਾਸੀ ਸੰਘ ਦੇ ਰਾਸ਼ਟਰੀ ਜਨਰਲ ਸਕੱਤਰ ਅਜੇ ਮੂਲਨਿਵਾਸੀ ਦੀ ਅਗਵਾਈ ਹੇਠ ਪਾਰਕ ਵਿਚ ਸਥਾਪਿਤ ਬਾਬਾ ਸਾਹਿਬ ਡਾ.ਅੰਬੇਡਕਰ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਅਜੇ ਮੂਲ ਨਿਵਾਸੀ ਨੇ ਕਿਹਾ  ਕਿ 26 ਨਵੰਬਰ 1949 ਨੂੰ ਬਾਬਾ ਸਾਹਿਬ ਡਾ.ਬੀਆਰ ਅੰਬੇਡਕਰ ਅਤੇ ਉਹਨਾਂ ਦੀ ਟੀਮ ਦੁਆਰਾ ਤਿਆਰ ਕੀਤਾ ਸੰਵਿਧਾਨ ਸੰਸਦ ਵਿਚ ਸਵੀਕਾਰ ਕੀਤਾ ਗਿਆ ਸੀ। ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਰਦੇ ਸਮੇਂ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਇਹ ਸੰਵਿਧਾਨ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਦੇਵੇਗਾ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਲਿਖਿਆ ਹੈ ਕਿ ਭਾਰਤ ਦੇ ਲੋਕ ਸੁਤੰਤਰ ਭਾਈਚਾਰਕ ਅਤੇ ਨਿਆਇਕ ਢਾਂਚੇ ਵਿੱਚ ਬਰਾਬਰ ਹੋ ਜਾਣਗੇ। ਪਰ ਦੁੱਖ ਦੀ ਗੱਲ ਹੈ ਕਿ ਇੰਨੇ ਸਾਲਾਂ ਬਾਅਦ ਵੀ ਦੇਸ਼ ਦੇ ਸਮਾਜਿਕ ਢਾਂਚੇ ਵਿੱਚ ਕੋਈ ਅਸਰ ਨਹੀਂ ਪਿਆ।ਜਾਤ-ਪਾਤ, ਊਚ-ਨੀਚ, ਨਸਲ-ਭੇਦ, ਖੇਤਰਵਾਦ ਦਾ ਵਿਤਕਰਾ ਚਰਮ ਸੀਮਾ ਤੇ ਹੈ। ਇਸ ਲਈ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਭਾਰਤ ਦੀ ਸਮਾਜਿਕ ਵਿਵਸਥਾ ਨੂੰ ਠੀਕ ਕਰਨ। ਉਹਨਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨਹੀਂ ਹੈ, ਕਿਉਂਕਿ ਈ.ਵੀ.ਐਮ ਮਸ਼ੀਨਾਂ ਨਾਲ ਚੁਣੀ ਹੋਈ ਸਰਕਾਰ ਲੋਕਾਂ ਦਾ ਕਦੇ ਵੀ ਭਲਾ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਭਾਰਤੀ ਸੰਵੀਧਾਨ ਨੂੰ ਬਚਾਉਣ ਦਾ ਸਭ ਤੋਂ ਠੋਸ ਤਰੀਕਾ ਇਹੋ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਆਉਣ ਵਾਲੀਆਂ ਆਮ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਈਆਂ ਜਾਣ ਤਾਂ ਜੋਕਿ ਆਮ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਬਣ ਸਕੇ। ਇਸ ਮੌਕੇ ਯੁਵਾ ਵਿਕਾਸ ਮੋਰਚਾ ਤੋਂ ਅਨੂ ਸਹੋਤਾ, ਗਜਟਿਡ ਐਂਡ ਨਾਨ ਗਜ਼ਟਿਡ ਟੀਚਰ ਯੂਨੀਅਨ ਵੱਲੋਂ ਸਤਵੰਤ ਟੂਰਾ, ਗੁਰੂ ਰਵਿਦਾਸ ਧਰਮ ਪ੍ਰਚਾਰ ਕਮੇਟੀ ਦੇ ਆਗੂ ਲੈਕਚਰਾਰ ਜਗਦੀਸ਼ ਤੋਂ ਇਲਾਵਾ ਅਜੇ ਆਜ਼ਾਦ, ਮਨਜੀਤ ਜੱਸੀ, ਜਗਪਾਲ ਝੱਲੀ, ਦੇਵਰਾਜ ਸੁਮਨ, ਮੋਹਨ ਲਾਲ ਰਤਨ, ਤਰਸੇਮ ਲਾਲ ਬੱਧਣ, ਜਿੰਦੀ ਪੇਂਟਰ ਆਦਿ ਹਾਜਰ ਸਨ।