ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਗੁਰਦਵਾਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਡਾਰਲੈਸਟਨ ਯੂ.ਕੇ ਵਿਖੇ ਐਤਵਾਰ ਦੇ ਸਮਾਗਮ ਵਿੱਚ ਬਾਬਾ ਨਿਰਮਲ ਦਾਸ ਜੀ (ਬਾਬੇ ਜੌੜੇ) ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ:) ਪੰਜਾਬ ਵੱਲੋਂ ਵਿਸ਼ੇਸ਼ ਸਮਾਗਮਾਂ ਵਿਚ ਰਸਭਿੰਨਾ ਕੀਰਤਨ ਅਤੇ ਇਤਿਹਾਸਕ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ। ਪ੍ਰਬੰਧਕ ਕਮੇਟੀ ਦੀ ਬੇਨਤੀ ਤੇ ਸੰਤ ਨਿਰਮਲ ਦਾਸ ਬਾਬੇਜੌੜੇ ਇਕ ਹਫਤੇ ਲਈ ਹਰ ਰੋਜ ਸ਼ਾਮ 6 ਤੋਂ 8 ਵਜੇ ਤੱਕ ਦੀਵਾਨਾਂ ਵਿਚ ਕੀਰਤਨ ਕਰਕੇ ਹਾਜਰੀ ਭਰਨਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਗੁਰੂ ਘਰ ਦੇ ਪ੍ਰਧਾਨ ਰਾਮ ਕਿਸ਼ਨ ਮਹਿਮੀ ਕੌਂਸਲਰ ਵਾਲਸਾਲ ਕੌਂਸਲ, ਗਿਆਨ ਚੰਦ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ ਯੂਨਿਟ, ਜਰਨੈਲ ਸਿੰਘ ਹੀਰ, ਅਸ਼ੋਕ ਕੁਮਾਰ ਅਤੇ ਬੀਬੀ ਪੌਲ ਵੀ ਹਾਜ਼ਰ ਸਨ। ਸੰਤ ਨਿਰਮਲ ਦਾਸ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ,ਸੇਵਾਦਾਰਾਂ ਅਤੇ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਉਨਾਂ ਨੇ ਵਿਦੇਸ਼ਾਂ ਦੀ ਧਰਤੀ ਉਤੇ ਪਹੁੰਚ ਕੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਹੁਤ ਹੀ ਆਲੀਸ਼ਾਨ ਗੁਰੂਘਰ ਉਸਾਰਿਆ ਹੈ ਅਤੇ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਦਾ ਉਪਰਾਲਾ ਕਰ ਰਹੇ ਹਨ। ਉਨਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਜਿਥੇ ਆਪਸੀ ਪਿਆਰ, ਏਕਤਾ ਤੇ ਭਾਈਚਾਰਾ ਬਣਾਕੇ ਰੱਖਣ ਦਾ ਉਪਦੇਸ਼ ਦਿੰਦੀ ਹੈ, ਓਥੇ ਆਪਣੇ ਮਾਨਵੀ ਅਧਿਕਾਰਾਂ ਲਈ ਹਮੇਸ਼ਾ ਸੰਘਰਸ਼ਮਈ ਰਹਿਣ ਦਾ ਸੰਦੇਸ਼ ਵੀ ਦਿੰਦੀ ਹੈ। ਉਨਾਂ ਵਿਦੇਸ਼ਾਂ ਵਿੱਚ ਬੈਠੀਆਂ ਗੁਰੂ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵਿੱਦਿਆ ਦੇ ਪ੍ਰਸਾਰ ਲਈ ਅੱਗੇ ਆਉਣ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਤੇ ਸੁਚਾਰੂ ਬਣਾਉਣ ਲਈ ਉਪਰਾਲੇ ਕਰਨ। ਉਨਾਂ ਵਿਚਾਰ ਸਾਂਝੇ ਕਰਦਿਆਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨਾਲ ਜੁੜਨ ਅਤੇ ਇਸ ਅਮ੍ਰਿਤਮਈ ਬਾਣੀ ਦੇ ਆਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਕੇ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ।