ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਅਤੇ ਡੀਐਮਸੀ ਡਾ.ਹਰਬੰਸ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੜ ਵਸੇਬਾ ਕੇਂਦਰ ਦੀ ਟੀਮ ਵੱਲੋਂ ਪੀ.ਆਰ.ਟੀ.ਸੀ ਜਹਾਨਖੇਲਾਂ ਵਿਖੇ ਕਮਾਂਡੈਂਟ ਸ.ਜਗਮੋਹਨ ਸਿੰਘ ਪੀਪੀਐਸ ਦੀ ਯੋਗ ਅਗਵਾਈ ਵਿਚ ਡੀ.ਐਸ.ਪੀ ਇਨਡੋਰ ਕਮਲਜੀਤ ਰਾਇ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਜਾਗਰੂਕਤਾ ਵਰਕਸ਼ਾਪ ਵਿੱਚ ਸਿਹਤ ਵਿਭਾਗ ਵੱਲੋਂ ਮੈਡੀਕਲ ਅਫ਼ਸਰ ਡਾ.ਸੌਰਵ ਕੁਮਾਰ, ਡਾ.ਮਹਿਮਾ, ਡਿਪਟੀ ਮਾਸ ਮੀਡੀਆ ਅਫਸਰ ਡਾ.ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਮੈਨੇਜਰ ਰਿਹੈਬਲੀਟੇਸ਼ਨ ਸੈੰਟਰ ਨਿਸ਼ਾ ਰਾਣੀ, ਕਾਊਂਸਲਰ ਰਾਜਵਿੰਦਰ ਕੌਰ, ਕਾਊਂਸਲਰ ਪ੍ਰਸ਼ਾਂਤ ਆਦੀਆ ਅਤੇ ਪੀਆਰਟੀਸੀ ਜਹਾਨਖੇਲਾਂ ਦੇ ਸਟਾਫ ਮੈਂਬਰ ਅਤੇ ਟ੍ਰੇਨੀ ਸ਼ਾਮਿਲ ਹੋਏ।

ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ.ਸੌਰਵ ਨੇ ਦੱਸਿਆ ਕਿ ਛੋਟੀ ਉਮਰ ’ਚ ਹੀ ਮਾੜੀ ਸੰਗਤ ਵਿਚ ਸ਼ਾਮਿਲ ਹੋ ਕੇ ਨਸ਼ੇ ਕਰਨ ਵਾਲੇ ਬੱਚਿਆਂ ਦਾ ਕਈ ਵਾਰ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਲੱਗਦਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੱਛਣ ਜਿਵੇਂ ਸਰੀਰਕ ਤੇ ਮਾਨਸਿਕ ਹਾਵ-ਭਾਵ, ਵਿਹਾਰ ’ਚ ਪਰਿਵਰਤਨ, ਚਿੜਚਿੜਾਪਣ, ਇਕੱਲੇ ਰਹਿਣਾ, ਜ਼ਿਆਦਾ ਖ਼ਰਚੀਲੇ ਹੋਣਾ ਜਾਂ ਪੈਸੇ ਚੋਰੀ ਕਰਨਾ, ਭੁੱਖ ਜਾਂ ਨੀਂਦ ’ਚ ਉਤਰਾਅ-ਚੜਾਅ ਜਾਂ ਬੇਚੈਨ ਰਹਿਣਾ ਵਰਗੇ ਲੱਛਣਾ ਨੂੰ ਭਲੀ-ਭਾਂਤ ਪਛਾਣਕੇ ਬਿਨਾਂ ਦੇਰੀ ਕੀਤੇ ਉਨ੍ਹਾਂ ਦਾ ਭਵਿੱਖ ਬਰਬਾਦ ਹੋਣ ਤੋਂ ਬਚਾਅ ਲੈਣ ਤੇ ਜਲਦੀ ਤੋਂ ਜਲਦੀ ਨਸ਼ਾ ਮੁਕਤੀ ਕੇਂਦਰ ਨਾਲ ਸੰਪਰਕ ਕਰਨ। ਡਾ.ਮਹਿਮਾ ਨੇ ਕਿਹਾ ਕਿ ਨਸ਼ੇ ਦੀ ਆਦਤ ਨਾਲ ਵਿਅਕਤੀ ਦਾ ਵਿਹਾਰ ਆਮ ਨਹੀਂ ਰਹਿੰਦਾ ਇਸ ਲਈ ਉਸ ਨੂੰ ਇਕ ਬਿਮਾਰ ਦੇ ਤੌਰ ਤੇ ਵੇਖਣਾ ਚਾਹੀਦਾ ਹੈ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ‘ਨਸ਼ੇ ਤੋਂ ਨਫ਼ਰਤ ਕਰੋ ਨਸ਼ੇ ਕਰਨ ਵਾਲੇ ਤੋਂ ਨਹੀ’। ਨਸ਼ੇ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗ਼ਲਤ ਹੈ। ਉਸ ਨੂੰ ਬਿਮਾਰ ਜਾਂ ਮਾਨਸਿਕ ਪੀੜਤ ਵਾਂਗ ਹੀ ਸਮਝਣਾ ਤੇ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਡਾ.ਤ੍ਰਿਪਤਾ ਦੇਵੀ ਨੇ ਕਿਹਾ ਜਵਾਨੀ ਦਾ ਸਮਾਂ ਮਿਹਨਤ ਨਾਲ ਸਿੱਖਿਆ ਹਾਸਿਲ ਕਰ ਕੇ ਬੁਲੰਦੀਆਂ ਨੂੰ ਛੂਹਣ ਦਾ ਹੁੰਦਾ ਹੈ, ਪਰ ਕਈ ਲੋਕ ਜਵਾਨੀ ਦੇ ਦੌਰ ਨੂੰ ਸਿਰਫ਼ ਜੋਸ਼, ਸ਼ੌਕ, ਮਨੋਰੰਜਨ, ਖ਼ੁਸ਼ਹਾਲੀ ਕਹਿ ਕੇ ਖ਼ੁਸ਼ੀ ਮਨਾਉਣ ਲਈ ਨਸ਼ਾ ਕਰਦੇ ਹਨ। ਪਹਿਲੀ ਵਾਰ ’ਚ ਹੀ ਨਸ਼ੇ ਨੂੰ ਨਾਂਹ ਕਹਿਣਾ ਹੀ ਇਸ ਬੀਮਾਰੀ ਤੋਂ ਬਚਣ ਦਾ ਰਾਹ ਹੈ। ਮੈਨੇਜਰ ਨਿਸ਼ਾ ਰਾਣੀ ਨੇ ਕਿਹਾ ਕਿ ਨਸ਼ਾ ਜਿਸ ਤਰ੍ਹਾਂ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਸੱਚਮੁੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨੌਜਵਾਨ ਪੀੜ੍ਹੀ ਜਿਸ ਨੂੰ ਦੇਸ਼ ਦਾ ਸੁਨਹਿਰੀ ਭਵਿੱਖ ਮੰਨਦੇ ਹਾਂ, ਨਸ਼ਿਆਂ ਦੀ ਦਲਦਲ ’ਚ ਧੱਸਦੀ ਜਾ ਰਹੀ ਹੈ। ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਕ ਜਾਂ ਕਿਸੇ ਮਜਬੂਰੀ ਵਿਚ ਕੀਤੀ ਜਾਂਦੀ ਹੈ ਪਰ ਬਾਅਦ ’ਚ ਇਹ ਆਦਤ ਬਣ ਜਾਂਦੀ ਹੈ। ਨਸ਼ਿਆਂ ਦੀ ਦਲਦਲ ’ਚ ਫਸੇ ਵਿਅਕਤੀ ਨੂੰ ਮੁੜ ਮੁੱਖਧਾਰਾ ਵਿਚ ਲਿਆਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਤਹਿਤ ‘ਨਸ਼ਿਆਂ ਨੂੰ ਕਹੋ ਨਾ-ਜ਼ਿੰਦਗੀ ਨੂੰ ਕਹੋ ਹਾਂ’ ਦਾ ਸੁਨੇਹਾ ਦਿੱਤਾ ਜਾਂਦਾ ਹੈ। 

ਕਾਊਂਸਲਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਨਸ਼ਾ ਪੀੜਤਾਂ ਦੇ ਮੁਫ਼ਤ ਇਲਾਜ ਲਈ ਨਸ਼ਾ ਛੁਡਾਊ ਕੇਂਦਰ, ਓਟ ਕਲੀਨਕ ਤੇ ਪੁਨਰਵਾਸ ਕੇਂਦਰ ਕਾਰਜਸ਼ੀਲ ਹਨ। ਇਨ੍ਹਾਂ ਸੰਸਥਾਵਾਂ ਵਿਚ ਮਨੋਚਿਕਿਤਸਕ, ਕਾਊਂਸਲਰ, ਸੋਸ਼ਲ ਵਰਕਰ ਤੇ ਹੋਰ ਮੈਡੀਕਲ, ਪੈਰਾ-ਮੈਡੀਕਲ ਸਟਾਫ ਵ਼ਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆ ਹਨ। ਇਨ੍ਹਾਂ ਸੈਂਟਰਾਂ ਵਿਚ ਮਰੀਜ਼ਾਂ ਲਈ ਖਾਣਾ, ਮਨੋਰੰਜਨ ਦੀਆਂ ਸਹੂਲਤਾਂ, ਯੋਗਾ-ਕਸਰਤ ਤੇ ਸਮਾਜ ਵਿਚ ਵਿਚਰਨ ਅਤੇ ਰੋਜ਼ੀ-ਰੋਟੀ ਦੇ ਕਾਬਲ ਬਣਾਉਣ ਲਈ ਕਿੱਤਾ-ਮੁਖੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਜਿਲਾ ਹੁਸ਼ਿਆਰਪੁਰ ਵਿਖੇ ਸਥਾਪਤ ਇਹਨਾਂ  ਕੇਂਦਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ। ਕਾਊਂਸਲਰ ਪ੍ਰਸ਼ਾਂਤ ਆਦੀਆ ਨੇ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਅਤੇ ਟੀਮ ਮੈਬਰਾਂ ਦੀ ਮਦਦ ਲੈਣੀ, ਸਲਾਹ ਕਰਨੀ ਤੇ ਆ ਰਹੀਆਂ ਸਰੀਰਕ ਤੇ ਮਾਨਸਿਕ ਮੁਸ਼ਕਲਾਂ ਸਬੰਧੀ ਜਾਣਕਾਰੀ ਸਾਂਝੀ ਕਰ ਕੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ। ਅੰਤ ਵਿੱਚ ਕਾਊਂਸਲਰ ਪ੍ਰਸ਼ਾਂਤ ਆਦੀਆ ਵੱਲੋਂ ਹਾਜ਼ਰੀਨ ਨੂੰ ਨਸ਼ਾ ਮੁਕਤ ਜੀਵਨ ਬਿਤਾਉਣ ਦੀ ਸਹੁੰ ਚੁਕਾਈ ਗਈ।