ਫਗਵਾੜਾ,(ਸ਼ਿਵ ਕੋੜਾ): ਡੇਰਾ ਧੰਨ ਧੰਨ ਨੂਰ-ਏ-ਖੁਦਾ ਸਾਂਈ ਮੰਗੂ ਸ਼ਾਹ ਪਿੰਡ ਸਾਹਨੀ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਨੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਭਵਨ ਕਲਾ ਨਿਰਮਾਣ ਕਲਾ ਦੇ ਮੋਢੀ ਬਾਬਾ ਵਿਸ਼ਵਕਰਮਾ ਜੀ ਦੇ ਸਲਾਨਾ ਉਤਸਵ ਦੀ ਮੁਬਾਰਕ ਦਿੰਦਿਆਂ ਪੁਰਜੋਰ ਅਪੀਲ ਕੀਤੀ ਕਿ ਵਾਤਾਵਰਣ ‘ਚ ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਇਸ ਵਾਰ ਪਟਾਖਿਆਂ ਤੋਂ ਮੁਕਤ ਗਰੀਨ ਦੀਵਾਲੀ ਮਨਾਈ ਜਾਵੇ। ਉਹਨਾਂ ਕਿਹਾ ਕਿ ਸਾਂਝੀ ਵਾਲਤਾ ਦਾ ਪ੍ਰਤੀਕ ਦੀਵਾਲੀ ਦਾ ਤਿਓਹਾਰ ਪੂਰੇ ਭਾਰਤ ‘ਚ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ ਪਰ ਅਜੋਕੇ ਸਮੇਂ ‘ਚ ਇਸ ਤਿਓਹਾਰ ਨੂੰ ਮਨਾਉਣ ਦੀਆਂ ਕਈ ਰਸਮਾਂ ਤਬਦੀਲ ਹੋ ਚੁੱਕੀਆਂ ਹਨ। ਜਿਸ ਨਾਲ ਵਾਤਾਰਵਣ ਪ੍ਰਦੂਸ਼ਿਥ ਹੋ ਰਿਹਾ ਹੈ। ਉਹਨਾਂ ਸਮੂਹ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਦੀਵਾਲੀ ਦਾ ਤਿਓਹਾਰ ਕੁੱਝ ਖਾਸ ਕਿਸਮ ਦੇ ਪਟਾਖਿਆਂ ਤੋਂ ਰਹਿਤ ਮਨਾਇਆ ਜਾਵੇ, ਕਿਉਂਕਿ ਇਹ ਜਿੱਥੇ ਤੇਜ ਆਵਾਜ ਦਾ ਪ੍ਰਦੂਸ਼ਨ ਪੈਦਾ ਕਰਦੇ ਹਨ। ਉੱਥੇ ਹੀ ਜਹਿਰੀਲਾ ਧੂਆਂ ਵੀ ਛੱਡਦੇ ਹਨ। ਜਿਸ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ। ਸਾਂਈ ਕਰਨੈਲ ਸ਼ਾਹ ਤੋਂ ਇਲਾਵਾ ਰਿਟਾ.ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ, ਮਲਕੀਤ ਚੰਦ ਪੰਚਾਇਤ ਸਕੱਤਰ ਅਤੇ ਪੰਚਾਇਤ ਯੂਨੀਅਨ ਫਗਵਾੜਾ ਦੇ ਪ੍ਰਧਾਨ ਗੁਲਜਾਰ ਸਿੰਘ ਸਰਪੰਚ ਅਕਾਲਗੜ੍ਹ ਨੇ ਵੀ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਸ੍ਰੀ ਵਿਸ਼ਵਕਰਮਾ ਮਹਾਉਤਸਵ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਓਹਾਰ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸਾਨੂੰ ਗੁਰੂਆਂ, ਪੀਰਾਂ ਤੇ ਪੈਗੰਬਰਾਂ ਨੇ ਪਵਨ ਗੁਰੂ, ਪਾਣੀ ਪਿਤਾ ਅਤੇ ਬਲਿਹਾਰੀ ਕੁਦਰਤ ਵੱਸਿਆ ਵਰਗੇ ਪਵਿੱਤਰ ਸ਼ਬਦਾਂ ਰਾਹੀਂ ਵਾਤਾਵਰਣ ਨਾਲ ਖਿਲਵਾੜ ਕਰਨ ਤੋਂ ਵਰਜਿਤ ਕੀਤਾ ਹੈ, ਪਰੰਤੂ ਇਨਸਾਨ ਇਹਨਾਂ ਸੰਦੇਸ਼ਾਂ ਨੂੰ ਭੁੱਲਦਾ ਜਾ ਰਿਹਾ ਹੈ ਅਤੇ ਹਵਾ ਪਾਣੀ ਨੂੰ ਦੂਸ਼ਿਤ ਕਰਨ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਲੋੜ ਹੈ ਕਿ ਅੱਜ ਦੇ ਸਮੇਂ ‘ਚ ਇਹਨਾਂ ਤਿਓਹਾਰਾਂ ਨੂੰ ਮਹਾਪੁਰਸ਼ਾਂ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਮਨਾਇਆ ਜਾਵੇ। ਉਹਨਾਂ ਕਿਹਾ ਕਿ ਦੀਵਾਲੀ ਮੌਕੇ ਮਹਿੰਗੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਖੇ ਚਲਾਉਣ ਦੀ ਬਜਾਏ ਬੂਟੇ ਲਗਾ ਕੇ ਅਤੇ ਇਹਨਾਂ ਦੀ ਦੇਖਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।