ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਆਉਣ ਵਾਲੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਵਲੋਂ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਆਉਣ ਵਾਲੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਸਿਹਤ ਸੰਸਥਾਵਾਂ ਅੰਦਰ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ। ਸਿਵਲ ਸਰਜਨ ਨੇ ਕਿਹਾ ਕਿ ਸਰਦੀ ਦੇ ਮੌਸਮ ਵਿਚ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਐਮਰਜੈਂਸੀ ਵਾਰਡ, ਨਿੱਕੂ ਵਾਰਡ ਅਤੇ ਆਪ੍ਰੇਸ਼ਨ ਥੀਏਟਰ ਤੋਂ ਇਲਾਵਾ ਬਾਕੀ ਸਾਰੇ ਵਾਰਡਾਂ ਵਿੱਚ ਰੇਡੀਐਂਟ ਵਾਰਮਰ ਅਤੇ ਕੰਬਲ ਮੁੱਹਈਆ ਕਰਵਾਏ ਜਾਣ। ਇਸ ਤੋਂ ਇਲਾਵਾ ਨਵ-ਜੰਮੇ ਬੱਚਿਆਂ ਨੂੰ ਹਾਈਪੋਥਰਮੀਆ ਤੋਂ ਬਚਾਉਣ ਲਈ ਲੇਬਰ ਰੂਮ ਵਿਚ ਵੀ ਰੇਡੀਐਂਟ ਵਾਰਮਰ ਅਤੇ ਸਾਫ ਸੁਥਰੇ ਕੰਬਲ ਉਪਲੱਬਧ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਹਸਪਤਾਲਾਂ ਦੇ ਸਾਰੇ ਬਾਥਰੂਮਾਂ ਦੀ ਸਫ਼ਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਅਤੇ ਸਾਰੇ ਵਾਰਡਾਂ ਦੇ ਬਾਥਰੂਮਾਂ ਵਿੱਚ ਗਰਮ ਪਾਣੀ ਦੀ ਸੁਵਿਧਾ ਲਈ ਗੀਜ਼ਰਾਂ ਦਾ ਪ੍ਰਬੰਧ ਕੀਤਾ ਜਾਣਾ ਜਰੂਰੀ ਹੈ। ਜੇਕਰ ਕਿਸੇ ਵਸਤੂ ਵਿਚ ਤਕਨੀਕੀ ਖਰਾਬੀ ਹੋਵੇ ਤਾਂ ਉਸ ਨੂੰ ਆਪਣੇ ਪੱਧਰ ਤੇ ਜਲਦ ਤੋ ਜਲਦ ਠੀਕ ਕਰਵਾਇਆ ਜਾਵੇ। ਲੋੜ ਪੈਣ ਤੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਸਿਹਤ ਸੰਸਥਾਵਾਂ ਅੰਦਰ ਆਉਣ ਵਾਲੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਉਪਲੱਬਧ ਕਰਵਾਈਆਂ ਜਾਣ ਅਤੇ ਕੋਈ ਵੀ ਦਵਾਈ ਬਾਹਰ ਤੋਂ ਨਾ ਲਿਖੀ ਜਾਵੇ। ਸਾਰੀਆਂ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਦੀ ਉਪਲਭਦਤਾ ਯਕੀਨੀ ਬਣਾਈ ਜਾਵੇ।