ਫਗਵਾੜਾ,(ਸ਼ਿਵ ਕੋੜਾ): ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਦੇ ਕਾਰਜਕਾਰੀ ਪਿ੍ਰੰਸੀਪਲ ਮਨਜੀਤ ਸਿੰਘ ਜਸਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਦੇ ਸਰੀਰਿਕ ਸਿੱਖਿਆ ਅਤੇ ਸਪੋਰਟਸ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਜਗਦੇਵ ਸਿੰਘ ਚੀਮਾ ਡੀ.ਪੀ.ਈ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਉਹਨਾਂ ਦੇ ਸਪੋਰਟਸ ਸਬੰਧੀ ਗਿਆਨ ਵਿਚ ਵਾਧਾ ਕਰਨ ਦੇ ਮਕਸਦ ਨਾਲ ਰਵਾਨਾ ਕੀਤਾ ਗਿਆ। ਗੱਲਬਾਤ ਕਰਦੇ ਹੋਏ ਨੇ ਡੀ.ਪੀ.ਈ. ਚੀਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਯੁਨੀਵਰਸਿਟੀ ਕੈਂਪਸ ਵਿਚ ਬਣੀਆਂ ਵੱਖ-ਵੱਖ ਖੇਡ ਗਰਾਉਂਡਾਂ ਦਿਖਾਈਆਂ ਜਾਣਗੀਆਂ, ਜਿੱਥੇ ਸਿਖਲਾਈ ਲੈ ਕੇ ਅਨੇਕਾਂ ਹੀ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਨਾਮ ਕਮਾਇਆ ਹੈ। ਉਹਨਾਂ ਦੱਸਿਆ ਕਿ ਇਸ ਟੂਰ ਦਾ ਮਕਸਦ ਵਿਦਿਆਰਥੀਆਂ ਦੀ ਖੇਡ ਪ੍ਰਤੀ ਦਿਲਚਸਪੀ ਨੂੰ ਹੁਲਾਰਾ ਦੇਣਾ ਹੈ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਭਾਰਤ ਦੀ ਆਜਾਦੀ ਦੇ ਮੁੱਢ ਬਣੇ ਜਲੀਆਂ ਵਾਲੇ ਬਾਗ ਦੇ ਦਰਸ਼ਨ ਵੀ ਕਰਵਾਏ ਜਾਣਗੇ। ਇਸ ਮੌਕੇ ਸੁਖਜਿੰਦਰ ਸਿੰਘ, ਲੈਕਚਰਾਰ ਇੰਦਰਜੀਤ ਕੌਰ ਤੇ ਬਿੰਦੀਆਂ ਸੰਧੂ ਆਦਿ ਵੀ ਹਾਜਰ ਸਨ।