ਫਗਵਾੜਾ, (ਸ਼ਿਵ ਕੋੜਾ): ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ, ਜਿਲ੍ਹਾ ਸਿੱਖਿਆ ਵਿਭਾਗ ਦੀ ਅਗਵਾਈ ਅਤੇ ਕਾਰਜਕਾਰੀ ਪਿ੍ਰੰਸੀਪਲ ਮਨਜੀਤ ਸਿੰਘ ਜਸਵਾਲ ਦੀ ਦੇਖਰੇਖ ਹੇਠ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਭਗਤ ਜਵਾਲਾ ਦਾਸ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਤੇ ਸਕੂਲ ਦੇ ਸਾਬਕਾ ਪਿ੍ਰੰਸੀਪਲ (ਰਿਟਾ.) ਜਸਵਿੰਦਰ ਸਿੰਘ ਬੰਗੜ ਵਿਸ਼ੇਸ਼ ਤੌਰ ਤੇ ਹਾਜਰ ਆਏ। ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀਆਂ ਕਾਰਗੁਜਾਰੀਆਂ ਬਾਰੇ ਮਾਪਿਆਂ ਨੂੰ ਸੁਚੱਜੇ ਢੰਗ ਨਾਲ ਜਾਣੂ ਕਰਵਾਇਆ ਗਿਆ। ਮਾਪਿਆਂ ਵਲੋਂ ਸਕੂਲ ਸਟਾਫ ਵਲੋਂ ਵਿਦਿਆ ਸਮੇਤ ਹੋਰ ਖੇਤਰਾਂ ਵਿਚ ਬੱਚਿਆਂ ਦੇ ਕੀਤੇ ਜਾ ਰਹੇ ਮਾਰਗ ਦਰਸ਼ਨ ਨੂੰ ਲੈ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਸਕੂਲ ਦੇ ਕਾਰਜਕਾਰੀ ਇੰਚਾਰਜ ਮਨਜੀਤ ਸਿੰਘ ਜਸਵਾਲ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੜ੍ਹਾਈ ਦੇ ਪੱਧਰ ਨੂੰ ਵੀ ਉੱਚਾ ਚੁੱਕਿਆ ਜਾ ਰਿਹਾ ਹੈ। ਉਹਨਾਂ ਸਕੂਲ ਵਿਚ ਵਿਦਿਆਰਥੀਆਂ ਦੀ ਸੌ ਪ੍ਰਤੀਸ਼ਤ ਹਾਜਰੀ ਯਕੀਨੀ ਬਨਾਉਣ ਲਈ ਵੀ ਮਾਪਿਆਂ ਨੂੰ ਪ੍ਰੇਰਿਤ ਕੀਤਾ। ਭਗਤ ਜਵਾਲਾ ਦਾਸ ਵੈਲਫੇਅਰ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਬੰਗੜ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਆ ਅਤੇ ਕਿਹਾ ਕਿ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਵੀ ਸਮੇਂ-ਸਮੇਂ ‘ਤੇ ਸਕੂਲ ਆ ਕੇ ਰਿਪੋਰਟ ਜਰੂਰ ਲੈਣ। ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਮੋਬਾਇਲ ਫੋਨ ਦੀ ਘੱਟ ਤੋਂ ਘੱਟ ਵਰਤੋਂ ਕਰਨ, ਮਾਪਿਆਂ ਤੇ ਅਧਿਆਪਕਾਂ ਦਾ ਪੂਰਾ ਸਤਿਕਾਰ ਕਰਨ ਤੇ ਖੇਡਾਂ ਵਿਚ ਵੀ ਦਿਲਚਸਪੀ ਲੈਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਲਾਇਬ੍ਰੇਰੀ ਇੰਚਾਰਜ ਬਿੰਦੀਆ ਸੰਧੂ ਵਲੋਂ ਕਿਤਾਬਾਂ ਦਾ ਲੰਗਰ ਵੀ ਲਗਾਇਆ ਗਿਆ। ਜਿਸ ਨੂੰ ਲੈ ਕੇ ਮਾਪਿਆਂ ਨੇ ਭਾਰੀ ਉਤਸ਼ਾਹ ਦਿਖਾਇਆ ਤੇ ਪੜ੍ਹਨ ਲਈ ਆਪਣੀ ਪਸੰਦ ਦੀਆਂ ਕਿਤਾਬਾਂ ਵੀ ਪ੍ਰਾਪਤ ਕੀਤੀਆਂ। ਅਖੀਰ ਵਿਚ ਸਕੂਲ ਸਟਾਫ ਵਲੋਂ ਸਮੂਹ ਮਾਪਿਆਂ ਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਪਤਵੰਤੇ ਹਾਜਰ ਸਨ।