ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਭਾਰਤ ਚੋਣ ਕਮਿਸ਼ਨ ਵੱਲੋਂ ਨਾਗਰਿਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਈਲ ਐਪਸ ਚਲਾਈਆਂ ਗਈਆਂ ਹਨ, ਜਿਨ੍ਹਾਂ ਦੇ ਇਸਤੇਮਾਲ ਨਾਲ ਲੋਕ ਆਪਣੀ ਵੋਟ ਅਤੇ ਇਸ ਨਾਲ ਸਬੰਧਿਤ ਹੋਰ ਵੇਰਵੇ ਹਾਸਲ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚਲਾਈ ਵੋਟਰ ਹੈਲਪਲਾਈਨ ਐਪ ਬੇਹੱਦ ਲਾਹੇਵੰਦ ਸਿੱਧ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵੋਟਰਾਂ ਵੱਲੋਂ ਹੈਲਪਲਾਈਨ ਐਪ ਰਾਹੀਂ ਆਪਣਾ ਨਾਮ ਲੱਭਣ, ਫ਼ਾਰਮ ਆਨਲਾਈਨ ਜਮ੍ਹਾਂ ਕਰਵਾਉਣ, ਆਪਣੇ ਫ਼ਾਰਮਾਂ ਦਾ ਸਟੇਟਸ ਜਾਨਣ ਲਈ, ਚੋਣਾਂ ਸਬੰਧੀ ਅਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਜਾਣਕਾਰੀ ਲਈ ਇਸ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕ ਸਭਾ  ਹਲਕਾ ਹੁਸ਼ਿਆਰਪੁਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਹੈਲਪਲਾਈਨ ਐਪ ਆਪਣੇ ਫ਼ੋਨ ‘ਤੇ ਡਾਊਨਲੋਡ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਹ ਵੋਟਰ ਹੈਲਪਲਾਈਨ ਐਪ https://www.eci.gov.in/voter-helpline-app  ਅਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰੁਝੇਵਿਆਂ ਕਾਰਨ ਲੋਕ ਆਪਣੀ ਵੋਟ ਸਬੰਧੀ ਵੇਰਵਿਆਂ ਤੋਂ ਜਾਣੂ ਨਹੀਂ ਹੁੰਦੇ। ਇਸ ਐਪ ਰਾਹੀਂ ਆਸਾਨੀ ਨਾਲ ਕੋਈ ਵੀ ਵਿਅਕਤੀ ਆਪਣੀ ਵੋਟ ਸਬੰਧੀ ਵੇਰਵੇ, ਪੋਲਿੰਗ ਸਟੇਸ਼ਨ ਨੰਬਰ, ਉਸ ਦੀ ਲੋਕੇਸ਼ਨ ਆਦਿ ਬਾਰੇ ਜਾਣਕਰੀ ਲੈ ਸਕਦਾ ਹੈ। ਨਾਲ ਹੀ ਜੇਕਰ ਕਿਸੇ ਨੇ ਆਪਣੇ ਵੇਰਵਿਆਂ ‘ਚ ਕੋਈ ਤਬਦੀਲੀ ਕਰਵਾਉਣੀ ਹੋਵੇ ਤਾਂ ਉਸ ਸਬੰਧੀ ਜਾਣਕਾਰੀ ਵੀ ਇਸ ਵੋਟਰ ਹੈਲਪਲਾਈਨ ਐਪ ਉੱਤੇ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਇਸ ਉੱਤੇ ਡਿਜੀਟਲ ਵੋਟਰ ਸਲਿੱਪ ਅਤੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕੀਤੀ ਜਾ ਸਕਦੀ ਹੈ। ਇਸ ਐਪ ਰਾਹੀਂ ਚੋਣਾਂ ਸਬੰਧੀ ਹੋਰ ਲੋੜੀਂਦੇ ਵੇਰਵੇ ਜਿਵੇਂ ਕਿ ਪਿਛਲੀਆਂ ਚੋਣਾਂ ਦੇ ਨਤੀਜੇ, ਸਿਆਸੀ ਉਮੀਦਵਾਰਾਂ ਅਤੇ ਪਾਰਟੀਆਂ ਦੇ ਵੇਰਵੇ, ਵੋਟਾਂ ਸਬੰਧੀ ਫਾਰਮ (ਮਤਦਾਤਾ ਅਤੇ ਉਮੀਦਵਾਰਾਂ ਲਈ) ਸਬੰਧੀ ਜਾਣਕਾਰੀ ਵੀ ਆਸਾਨੀ ਨਾਲ ਮਿਲਦੀ ਹੈ।