ਫਗਵਾੜਾ/ਚੰਡੀਗੜ੍ਹ,(ਸ਼ਿਵ ਕੋੜਾ): ਪੰਜਾਬ ਵਿਜੀਲੈਂਸ ਵਿਭਾਗ ਨੇ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਮੂਨਕ ਦੇ ਤਹਿਸੀਲਦਾਰ (ਸੇਵਾ-ਮੁਕਤ) ਸੰਧੂਰਾ ਸਿੰਘ, ਸੰਗਰੂਰ ਜ਼ਿਲ੍ਹੇ ਦੇ ਮਾਲ ਹਲਕਾ ਪਿੰਡ ਬੱਲਰਾਂ ਦੇ ਪਟਵਾਰੀ ਧਰਮਰਾਜ ਅਤੇ ਭਗਵਾਨ ਦਾਸ ਪਟਵਾਰੀ (ਸੇਵਾਮੁਕਤ) ਨੂੰ ਵਾਹੀਯੋਗ ਜ਼ਮੀਨ ਦੇ ਗੈਰ-ਕਾਨੂੰਨੀ ਤਬਾਦਲੇ ਅਤੇ ਇੰਤਕਾਲ ਕਰਵਾਉਣ ਬਦਲੇ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਐਫ ਆਈ ਆਰ ਨੰਬਰ 18 ਮਿਤੀ 27.12.2023 ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਤੋਂ ਬਾਅਦ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸੰਧੂਰਾ ਸਿੰਘ, ਤਹਿਸੀਲਦਾਰ (ਸੇਵਾਮੁਕਤ), ਧਰਮਰਾਜ ਪਟਵਾਰੀ, ਮਿੱਠੂ ਸਿੰਘ ਪਟਵਾਰੀ (ਦੋਵੇਂ ਹਲਕਾ ਬੱਲਰਾਂ ਜ਼ਿਲ੍ਹਾ ਸੰਗਰੂਰ) ਭਗਵਾਨ ਦਾਸ ਪਟਵਾਰੀ (ਸੇਵਾਮੁਕਤ) ਅਤੇ ਇੱਕ ਨਿੱਜੀ ਵਿਅਕਤੀ ਬਲਵੰਤ ਸਿੰਘ ਵਾਸੀ ਪਿੰਡ ਬੱਲਰਾਂ ਜਿਲਾ ਸੰਗਰੂਰ ਸ਼ਾਮਲ ਹਨ।