ਫਗਵਾੜਾ,(ਸ਼ਿਵ ਕੋੜਾ): ਚਰਨਜੀਤ ਸਿੰਘ ਬਾਸੀ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਹਰ ਸਾਲ ਦੀ ਤਰ੍ਹਾਂ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ 4.50 ਲੱਖ ਰੁਪਏ ਦੇ ਵਜੀਫੇ ਵੰਡੇ ਗਏ। ਇਸ ਸਬੰਧੀ ਇਕ ਸਮਾਗਮ ਦਾ ਆਯੋਜਨ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕੀਤਾ ਗਿਆ। ਜਿੱਥੇ 5 ਸਕੂਲਾਂ ਦੇ ਪੰਜਾਹ ਵਿਦਿਆਰਥੀਆਂ ਨੂੰ ਵਜੀਫੇ ਦੀ ਵੰਡ ਕੀਤੀ ਗਈ। ਜਦਕਿ ਅਨੇਕਾਂ ਵਿਦਿਆਰਥੀਆਂ ਨੂੰ ਉਹਨਾਂ ਦੇ ਸਕੂਲਾਂ ਤੇ ਕਾਲਜਾਂ ਵਿਚ ਜਾ ਕੇ ਵਜੀਫੇ ਤਕਸੀਮ ਕੀਤੇ ਗਏ। ਬਲੱਡ ਬੈਂਕ ਵਿਖੇ ਆਯੋਜਿਤ ਸਮਾਗਮ ਦੌਰਾਨ ਵਜੀਫੇ ਦੀ ਰਾਸ਼ੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਅਮਰਜੀਤ ਸਿੰਘ ਐਡਮਿਨਿਸਟ੍ਰੇਟਰ ਕੈਂਬਿ੍ਰਜ ਇੰਟਰਨੈਸ਼ਨਲ ਸਕੂਲ ਫਗਵਾੜਾ ਅਤੇ ਟਰੱਸਟ ਦੇ ਸਕੱਤਰ ਪ੍ਰੋਫੈਸਰ ਗੰਢਮ ਨੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਵਾਰ 8 ਸਕੂਲਾਂ ਅਤੇ 6 ਕਾਲਜਾਂ ਦੇ ਕੁੱਲ 252 ਵਿਦਿਆਰਥੀਆਂ ਨੂੰ 4.50 ਲੱਖ ਰੁਪਏ ਦੇ ਵਜੀਫੇ ਵੰਡੇ ਗਏ ਹਨ ਅਤੇ ਪੰਜਾਹ ਹਜਾਰ ਰੁਪਏ ਦੇ ਹੋਰ ਵਜੀਫੇ ਲੋੜਵੰਦਾਂ ਨੂੰ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਚੇਅਰਮੈਨ ਕੁਲਦੀਪ ਸਰਦਾਨਾ ਦੀ ਪ੍ਰਧਾਨਗੀ ਹੇਠ ਕਮੇਟੀ ਵਲੋਂ ਲਏ ਫੈਸਲੇ ਅਨੁਸਾਰ 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਆਰਥਕ ਤੌਰ ਤੇ ਕਮਜੋਰ ਪਰਿਵਾਰਾਂ ਨਾਲ ਸਬੰਧਤ ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਂਦੇ ਹਨ। ਸਮਾਗਮ ਦੌਰਾਨ ਪ੍ਰੋਫੈਸਰ ਗੰਢਮ ਨੇ ਬਾਸੀ ਪਰਿਵਾਰ ਦੇ ਪਿਛੋਕੜ ਅਤੇ ਇਸ ਪਰਿਵਾਰ ਵਲੋਂ ਟਰੱਸਟ ਰਾਹੀਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਇਸ ਦੌਰਾਨ ਅਮਰਜੀਤ ਸਿੰਘ ਅਤੇ ਟੀ.ਡੀ. ਚਾਵਲਾ ਨੇ ਸੰਬੋਧਨ ਕਰਦਿਆਂ ਬਾਸੀ ਪਰਿਵਾਰ ਤੇ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਅਮਰਜੀਤ ਡਾਂਗ, ਐਸ.ਸੀ. ਚਾਵਲਾ, ਕ੍ਰਿਸ਼ਨ ਕੁਮਾਰ, ਪਿ੍ਰੰਸੀਪਲ ਕੁਲਵਿੰਦਰ ਕੌਰ, ਸੁਧਾ ਬੇਦੀ, ਜੁੁਨੇਸ਼ ਜੈਨ, ਯਸ਼ ਸ਼ਰਮਾ, ਮੋਹਨ ਲਾਲ ਤਨੇਜਾ ਤੋਂ ਇਲਾਵਾ ਸਕਾਲਰਸ਼ਿਪ ਲੈਣ ਵਾਲੇ ਵਿਦਿਆਰਥੀ ਅਤੇ ਸਬੰਧਤ ਸਕੂਲਾਂ ਦੇ ਸਟਾਫ ਮੈਂਬਰ ਹਾਜਰ ਸਨ।