ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੀ ਆਮਦ ਤੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਵਿਚ ਡੇਂਗੂ ਅਤੇ ਮਲੇਰੀਆ ਪ੍ਰਤੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਮੱਛਰਾਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਪ੍ਰਤੀ ਸੁਚੇਤ ਕੀਤਾ ਗਿਆ। ਇਸੇ ਤਹਿਤ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਸੁੰਦਰ ਨਗਰ, ਪ੍ਰੀਤਮ ਨਗਰ, ਕੱਚੇ ਕੁਆਟਰ, ਪ੍ਰੇਮਗੜ੍ਹ ਆਦਿ ਇਲਾਕਿਆਂ ਵਿੱਚ ਐਂਟੀ ਲਾਰਵਾ ਦੀਆਂ ਟੀਮਾਂ ਵੱਲੋਂ ਘਰਾਂ ਦਾ ਦੌਰਾ ਕਰਕੇ ਡੇਂਗੂ ਸਰਵੇਖਣ ਕੀਤਾ ਗਿਆ। ਇਸ ਦੌਰਾਨ ਬਰੀਡਿੰਗ ਚੈਕਿੰਗ, ਪਾਣੀ ਦੀ ਨਿਕਾਸੀ ਚੈੱਕ ਕੀਤੀ ਗਈ ਅਤੇ ਜਿੱਥੋਂ ਮੱਛਰ ਦਾ ਲਾਰਵਾ ਮਿਲਿਆ ਉੱਥੇ ਲਾਰਵੀਸਾਈਡ ਸਪਰੇਅ ਅਤੇ ਆਈ.ਈ.ਸੀ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ। ਜਾਣਕਾਰੀ ਸਾਂਝੀ ਕਰਦੇ ਡਾ.ਜਗਦੀਪ ਸਿੰਘ ਨੇ ਦੱਸਿਆ ਬਰਸਾਤ ਦੇ ਮੌਸਮ ਦੀ ਆਮਦ ਸ਼ੁਰੂ ਹੁੰਦਿਆਂ ਹੀ ਵੈਕਟਰ ਬੌਰਨ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਚਿਕਨਗੂਣੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਦੇ ਐਂਟੀ ਲਾਰਵਾ ਵਿੰਗ ਅਤੇ ਜਿਲ੍ਹੇ ਭਰ ਦੇ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਘਰ ਘਰ ਵਿਜ਼ਿਟ ਦੌਰਾਨ ਕੂਲਰ, ਗਮਲੇ, ਛੱਤਾਂ ਤੇ ਪਿਆ ਸਮਾਨ, ਫਰਿਜ ਦੀ ਟਰੇਅ, ਜਾਨਵਰਾਂ ਤੇ ਪੰਛੀਆਂ ਦੇ ਪਾਣੀ ਦੇ ਬਰਤਨ ਆਦਿ ਵਿੱਚ ਜਮ੍ਹਾ ਪਾਣੀ ਨੂੰ ਨਸ਼ਟ ਕਰਵਾਇਆ ਗਿਆ ਅਤੇ ਪੂਰੀ ਤਰ੍ਹਾਂ ਡਰਾਈ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਡਾ.ਜਗਦੀਪ ਨੇ ਕਿਹਾ ਕਿ ਸ਼ਹਿਰੀ ਖੇਤਰ ਦੀਆਂ ਟੀਮਾਂ ਵੱਲੋਂ ਅੱਜ 545 ਘਰਾਂ ਵਿੱਚ ਦਸਤਕ ਦਿੱਤੀ ਗਈ। ਅਤੇ ਜਿਨ੍ਹਾਂ 17 ਘਰਾਂ ਵਿੱਚ ਲਾਰਵਾ ਪਾਇਆ ਗਿਆ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਸਿਹਤ ਕਾਮਿਆਂ ਵੱਲੋਂ ਲੋਕਾਂ ਨੂੰ ਮਲੇਰੀਆ ਤੇ ਡੇਂਗੂ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕਰਦੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਸਰਵੇ ਕਰ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਹਰ ਸ਼ੁਕਰਵਾਰ ਨੂੰ ਡਰਾਈ ਡੇ ਵੱਜੋਂ ਮਨਾਉਣ ਤਾਂ ਹੀ ਡੇਂਗੂ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।