ਕੋਟਕਪੂਰਾ,(ਵਿਪਨ ਕੁਮਾਰ ਮਿਤੱਲ): ਕੁੱਝ ਦਿਨਾਂ ਤੋਂ ਸ਼ਹਿਰ ਅੰਦਰ ਦਿਨ-ਦਿਹਾੜੇ ਵਾਪਰ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਖਿਲਾਫ ਸੰਘਰਸ਼ ਕਰਨ ਲਈ ਸ਼ਹਿਰ ਦੇ ਸਮੁੱਚੇ ਵਪਾਰੀ ਵਰਗ ਵੱਲੋਂ 28 ਦਸੰਬਰ ਨੂੰ ਕੋਟਕਪੂਰਾ ਬੰਦ ਰੱਖਣ ਦਾ ਵੀ ਐਲਾਨ ਕੀਤਾ ਗਿਆ। ਵਪਾਰੀ ਵਰਗ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਤੋਂ ਬੁਰੀ ਤਰਾਂ੍ਹ ਪਰੇਸ਼ਾਨ ਹੋਇਆ ਪਿਆ ਸੀ ਅਤੇ ਇਸ ਦੌਰਾਨ ਬੀਤੀ ਰਾਤ ਸ਼ਹਿਰ ਦੇ ਵਪਾਰੀ ਹਰਿੰਦਰ ਸਿੰਘ ਅਹੂਜਾ ਨੂੰ ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਫੋਕਲ ਪੁਆਇੰਟ ਇਲਾਕੇ ਵਿੱਚ ਘੇਰ ਕੇ ਸੱਟਾਂ ਮਾਰਨ ਅਤੇ ਨਗਦੀ ‘ਤੇ ਮੋਬਾਇਲ ਖੋਹਣ ਦੀ ਘਟਨਾ ਨੇ ਸਮੂਹ ਵਪਾਰੀ ਵਰਗ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਵੱਲੋਂ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਸਥਾਨਕ ਸੇਠ ਕੇਦਾਰਨਾਥ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਪ੍ਰਧਾਨ ਓਮਕਾਰ ਗੋਇਲ, ਜਤਿੰਦਰ ਸਿੰਘ ਜਸ਼ਨ, ਜਸਵਿੰਦਰ ਸਿੰਘ ਜੌੜਾ, ਹਰਪ੍ਰਰੀਤ ਸਿੰਘ ਖਾਲਸਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਹਰਸ਼ ਅਰੋੜਾ, ਦਵਿੰਦਰ ਅਹੂਜਾ, ਸਾਧੂ ਰਾਮ ਦਿਓੜਾ, ਰਮਨ ਮਨਚੰਦਾ, ਅਸ਼ੋਕ ਗੁਪਤਾ, ਨਰੇਸ਼ ਮਿੱਤਲ ਅਤੇ ਅਸ਼ੋਕ ਗੋਇਲ ਆਦਿ ਵਪਾਰੀ ਆਗੂਆਂ ਨੇ ਸ਼ਹਿਰ ਅੰਦਰ ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਬਾਰੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਸਾਰਾ ਕੁੱਝ ਸਰਕਾਰ ਅਤੇ ਪ੍ਰਸ਼ਾਸ਼ਨ ‘ਤੇ ਨਾ ਛੱਡਣ ਦਾ ਸੱਦਾ ਦਿੱਤਾ। ਇਸ ਦੌਰਾਨ ਵਪਾਰੀ ਆਗੂਆਂ ਨੇ ਕਿਹਾ ਕਿ ਜਿਸ ਤਰਾਂ੍ਹ ਦੇ ਹਾਲਾਤ ਪੈਦਾ ਹੋ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਅਸੀਂ ਅਨਾਥ ਹੋ ਚੁੱਕੇ ਹਾਂ ਅਤੇ ਸਾਡੀ ਸੁੱਧ ਲੈਣ ਵਾਲਾ ਕੋਈ ਨਹੀਂ ਰਿਹਾ। ਉਨਾਂ੍ਹ ਕਿਹਾ ਕਿ ਪ੍ਰਸ਼ਾਸ਼ਨ ਵਪਾਰੀਆਂ ਅਤੇ ਸਮੂਹ ਸ਼ਹਿਰ ਵਾਸੀਆਂ ਦੇ ਜਾਨ-ਮਾਲ ਦੀ ਸੁਰੱਖਿਆ ਕਰਨ ਵਿੱਚ ਅਸਮਰੱਥ ਸਿੱਧ ਹੋਇਆ ਹੈ। ਉਨਾਂ੍ਹ ਦੱਸਿਆ ਕਿ ਗੁੰਡਾ ਅਨਸਰਾਂ ਦੇ ਹੌਂਸਲੇ ਇੰਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਉਹ ਜਦੋਂ ਚਾਹੁਣ ਕਿਸੇ ਵੀ ਥਾਂ ‘ਤੇ ਆ ਕੇ ਕਿਸੇ ਵੀ ਵਿਅਕਤੀ ਦੇ ਸੱਟਾਂ ਮਾਰਨ ਤੋਂ ਬਾਅਦ ਉਸਨੂੰ ਲੁੱਟ ਕੇ ਲੈ ਜਾਂਦੇ ਹਨ ਪੰ੍ਤੂ ਇੰਨਾਂ੍ਹ ਦੀ ਕੋਈ ਪੁੱਛ-ਪੜਤਾਲ ਨਹੀਂ ਹੋ ਰਹੀ। ਇਸ ਦੌਰਾਨ ਸ਼ਹਿਰ ਦੇ ਸਮੂਹ ਵਪਾਰੀਆਂ ਨੇ ਇਕੱਠੇ ਹੋ ਕੇ ਧਰਮਸ਼ਾਲਾ ਤੋਂ ਰੋਸ ਮਾਰਚ ਸ਼ੁਰੂ ਕਰਕੇ ਨਾਅਰੇਬਾਜੀ ਕਰਦੇ ਹੋਏ ਵੱਖ-ਵੱਖ ਬਜਾਰਾਂ ਵਿੱਚੋਂ ਹੁੰਦੇ ਹੋਏ ਪਹਿਲਾਂ ਬੱਤੀਆਂ ਵਾਲਾ ਚੌਂਕ ਪੁੱਜੇ ਅਤੇ ਉੱਥੋ ਥਾਣੇ ਅੱਗੇ ਕੁੱਝ ਸਮੇਂ ਲਈ ਸੰਕੇਤਕ ਧਰਨਾ ਦਿੱਤਾ। ਇਸ ਦੌਰਾਨ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਸਮੂਹ ਵਪਾਰੀਆਂ ਨੇ ਇੱਕ-ਜੁਟ ਹੋ ਕੇ 28 ਦਸੰਬਰ ਨੂੰ ਸ਼ਹਿਰ ਦੇ ਸਮੂਹ ਵਪਾਰਕ ਅਦਾਰੇ ਬੰਦ ਕਰਕੇ ਸਥਾਨਕ ਬੱਤੀਆਂ ਵਾਲੇ ਚੌਂਕ ਵਿਖੇ ਸਵੇਰੇ 10 ਵਜੇ ਧਰਨਾ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਉੱਥੇ ਪੁੱਜੇ ਅਜੈਪਾਲ ਸਿੰਘ ਸੰਧੂ ਸਾਬਕਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬੇਹੱਦ ਚਿੰਤਾਜਨਕ ਹੋ ਚੁੱਕੀ ਹੈ, ਜਿਸ ਕਾਰਨ ਸਮਾਜ ਦਾ ਹਰ ਵਰਗ ਸੜਕਾਂ ‘ਤੇ ਆਉਣ ਲਈ ਮਜਬੂਰ ਹੋ ਰਿਹਾ ਹੈ ਅਤੇ ਸਰਕਾਰ ਤਮਾਸ਼ਾ ਵੇਖ ਰਹੀ ਹੈ। ਇਸ ਸਬੰਧੀ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਚੋਰਾਂ, ਲੁਟੇਰਿਆਂ ਅਤੇ ਗੁੰਡਾ ਅਨਸਰਾਂ ਖਿਲਾਫ ਪੁਲਿਸ ਵਲੋਂ ਬਕਾਇਦਾ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਰੋਜਾਨਾ ਚੋਰ, ਲੁਟੇਰੇ ਜਾਂ ਨਸ਼ੇੜੀ ਫੜ ਕੇ ਜੇਲ ਭੇਜੇ ਜਾ ਰਹੇ ਹਨ, ਉਂਝ ਉਹਨਾਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਚੋਰਾਂ, ਲੁਟੇਰਿਆਂ ਅਤੇ ਗੁੰਡਾ ਅਨਸਰਾਂ ਦੀਆਂ ਕਾਰਵਾਈਆਂ ਰੋਕਣੀਆਂ ਮੁਸ਼ਕਿਲ ਹਨ।