ਫਗਵਾੜਾ,(ਸ਼ਿਵ ਕੌੜਾ): ਰੋਟਰੀ ਕਲੱਬ ਫਗਵਾੜਾ ਜੈਮਸ ਵੱਲੋਂ ਕਲੱਬ ਦੇ ਪ੍ਰਧਾਨ ਰੋਟੇਰੀਅਨ ਪਵਨ ਕੁਮਾਰ ਕਾਲੜਾ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਸਤੀਸ਼ ਜੈਨ ਦੀ ਦੇਖ-ਰੇਖ ਹੇਠ ਸਥਾਨਕ ਸਿਟੀ ਪੈਲੇਸ ‘ਚ ਭਾਰਤ ਸਵਾਭਿਮਾਨ ਪਤੰਜਲੀ ਯੋਗਪੀਠ ਦੇ ਸਹਿਯੋਗ ਨਾਲ ਯੋਗਾ ਕੈਂਪ ਲਗਾਇਆ ਗਿਆ। ਜਿਸ ਵਿਚ ਭਾਰਤ ਸਵਾਭਿਮਾਨ ਟਰੱਸਟ ਪਤੰਜਲੀ ਯੋਗਪੀਠ ਦੇ ਕੇਂਦਰੀ ਪ੍ਰਧਾਨ ਰਾਕੇਸ਼ ਕੁਮਾਰ ਅਤੇ ਸੂਬਾਈ ਪ੍ਰਧਾਨ ਰਜਿੰਦਰ ਸ਼ਿੰਗਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਆਏ। ਉਨ੍ਹਾਂ ਨੇ ਯੋਗ ਨਾਲ ਮਨੁੱਖੀ ਜੀਵਨ ਨੂੰ ਹੋਣ ਵਾਲੇ ਲਾਭ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਕੇਂਦਰੀ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅੱਜ ਦੀ ਤਨਾਅ ਭਰੀ ਜ਼ਿੰਦਗੀ ਵਿੱਚ ਯੋਗ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਰੋਜ਼ਾਨਾ ਯੋਗ ਕ੍ਰਿਆਵਾਂ ਕਰਨ ਨਾਲ ਅਸੀਂ ਆਪਣੇ ਆਪ ਨੂੰ ਕਈ ਖਤਰਨਾਕ ਅਤੇ ਮਾਰੂ ਬਿਮਾਰੀਆਂ ਤੋਂ ਬਚਾਅ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਤੰਜਲੀ ਯੋਗਪੀਠ ਦਾ ਇੱਕੋ ਇੱਕ ਉਦੇਸ਼ ਯੋਗ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਨਾ ਹੈ। ਇਸ ਦੌਰਾਨ ਉਨ੍ਹਾਂ ਨੇ ਹਾਜ਼ਰੀਨ ਨੂੰ ਪ੍ਰਾਣਾਯਾਮ ਦਾ ਅਭਿਆਸ ਵੀ ਕਰਵਾਇਆ। ਮੰਚ ਸੰਚਾਲਨ ਯੋਗ ਅਧਿਆਪਕ ਦੇਵ ਸ਼ਰਮਾ ਨੇ ਕੀਤਾ। ਕਲੱਬ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਕੈਂਪ ਦੌਰਾਨ ਪਤੰਜਲੀ ਯੋਗਪੀਠ ਦੇ ਜ਼ਿਲ੍ਹਾ ਇੰਚਾਰਜ ਦੀਪਕ ਖੋਸਲਾ, ਕਲੱਬ ਦੇ ਸਕੱਤਰ ਰਾਕੇਸ਼ ਸੂਦ, ਸੰਸਥਾਪਕ ਪ੍ਰਧਾਨ ਡਾ: ਚਿਮਨ ਅਰੋੜਾ, ਸਾਬਕਾ ਪ੍ਰਧਾਨ ਆਈ.ਪੀ.ਖੁਰਾਣਾ, ਮਹਿੰਦਰ ਸੇਠੀ, ਸੁਰਿੰਦਰਾ ਚਾਵਲਾ, ਸਾਬਕਾ ਪ੍ਰਧਾਨ ਨਿਖਿਲ ਗੁਪਤਾ, ਅਨੁਜ ਜੈਨ, ਹਰਪ੍ਰੀਤ ਸਿੰਘ, ਚੰਦਰਮੋਹਨ ਸ਼ਰਮਾ, ਰਮਨ ਨਹਿਰਾ, ਕੌਂਸਲਰ ਬੀਰਾ ਰਾਮ ਬਲਜੋਤ, ਕੌਂਸਲਰ ਮਮਤਾ ਖੋਸਲਾ, ਯੋਗ ਗੁਰੂ ਅਨਿਲ ਕੋਛੜ, ਮਦਨ ਮੋਹਨ ਖੱਟਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।