ਦਸੂਹਾ,(ਰਾਜ਼ਦਾਰ ਟਾਇਮਸ): ਯੁਵਕ ਸੇਵਾਵਾਂ ਕਲੱਬ ਚੌਧਰੀ ਬੰਤਾ ਸਿੰਘ ਕਲੋਨੀ ਅਤੇ ਕੇ.ਐਮ.ਐਸ ਕਾਲਜ ਵੱਲੋਂ ਲੰਗਰ ਦਾ ਆਯੋਜਨ ਕੀਤਾ। ਇਹ ਸਮਾਜਿਕ ਪਹਿਲ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਤੋਸ਼ਾਂਤ ਸੈਣੀ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਕਲੱਬ ਦੇ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਜਾਣਕਾਰੀ ਦਿੰਦਿਆਂ ਤੋਸ਼ਾਂਤ ਸੈਣੀ ਨੇ ਦੱਸਿਆ ਕਿ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੀ ਅਗਵਾਈ ਹੇਠ ਯੁਵਕ ਸੇਵਾਵਾਂ ਕਲੱਬ ਦਸੂਹਾ ਸਿਰਫ ਖੇਡਾਂ ਵਿੱਚ ਹੀ ਨਹੀਂ, ਬਲਕਿ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਭਾਗ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ। ਲੰਗਰ ਵਰਗੀਆਂ ਪਹਿਲਾਂ ਨੌਜਵਾਨਾਂ ਵਿੱਚ ਸੇਵਾ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਸਮਾਜਿਕ ਏਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੀਆਂ ਹਨ। ਇਸ ਲੰਗਰ ਵਿੱਚ ਸ਼ਹਿਰ ਦੇ ਲੋਕਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਪ੍ਰਸ਼ਾਦਾ ਛਕਿਆ। ਇਸ ਸਮਾਜਿਕ ਕਾਰਜ ਵਿੱਚ ਕਈ ਨੌਜਵਾਨਾਂ ਨੇ ਵੱਡਾ ਯੋਗਦਾਨ ਪਾਇਆ ਅਤੇ ਤਨ-ਮਨ ਨਾਲ ਲੰਗਰ ਦੀ ਸੇਵਾ ਨਿਭਾਈ। ਇਸ ਮੌਕੇ ‘ਤੇ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਨੇਕ ਕਾਰਜ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਤੋਸ਼ਾਂਤ ਸੈਣੀ ਨੇ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜਿਕ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਨੌਜਵਾਨਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਅਤੇ ਸਾਡਾ ਕਲੱਬ ਇਸ ਦਿਸ਼ਾ ਵਿੱਚ ਨਿਰੰਤਰ ਯਤਨਸ਼ੀਲ ਰਹੇਗਾ। ਉਹਨਾਂ ਕਿਹਾ ਕਿ ਭਵਿੱਖ ਵਿੱਚ ਉਹ ਸਮਾਜਿਕ, ਸਿਹਤ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਹੋਰ ਕਾਰਜ ਕਰਕੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਣਗੇ। ਉਨ੍ਹਾਂ ਨੇ ਆਸ਼ਾ ਜਤਾਈ ਕਿ ਕਲੱਬ ਦੇ ਹਰ ਮੈਂਬਰ ਅਤੇ ਯੁਵਕਾਂ ਦੀ ਭਾਗੀਦਾਰੀ ਨਾਲ, ਉਹ ਸਮਾਜ ਵਿੱਚ ਅੱਜ ਦੇ ਨੌਜਵਾਨਾਂ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਵਿੱਚ ਯੋਗਦਾਨ ਪਾਉਣਗੇ। ਇਸਤੋਂ ਇਲਾਵਾ ਉਹਨਾਂ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦਾ ਹਰ ਵੇਲੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੇ.ਐਮ.ਐਸ ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ, ਡਾਇਰੈਕਟਰ ਡਾ.ਮਾਨਵ ਸੈਣੀ, ਐਚ.ਓ.ਡੀ ਡਾ.ਰਾਜੇਸ਼ ਕੁਮਾਰ ਅਤੇ ਯੁਵਕ ਸੇਵਾਵਾਂ ਕਲੱਬ ਦੇ ਮੈਂਬਰ ਹਾਜ਼ਰ ਸਨ।