ਫਗਵਾੜਾ,(ਸ਼ਿਵ ਕੋੜਾ): ਭਾਜਪਾ ਦੇ ਸੀਨੀਅਰ ਆਗੂ ਅਤੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਦੀ ਨਵੀਂ ਬਣੀ ਐਨਡੀਏ ਵਿੱਚ ਰਾਜ ਮੰਤਰੀ ਬਣਨ ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਮੁਬਾਰਕਬਾਦ ਦਿੱਤੀ। ਇਸ ਦੌਰਾਨ ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਬਿੱਟੂ ਲੰਮਾ ਸਮਾਂ ਕਾਂਗਰਸ ਵਿੱਚ ਰਹੇ ਅਤੇ ਆਨੰਦਪੁਰ ਸਾਹਿਬ ਤੇ ਲੁਧਿਆਣਾ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਪਰ ਕਾਂਗਰਸ ਨੇ ਉਹਨਾਂ ਦੀ ਯੋਗਤਾ ਨੂੰ ਹੀ ਨਜ਼ਰ ਅੰਦਾਜ਼ ਕਰ ਦਿੱਤਾ ਕਿਉਂਕਿ ਉਹਨਾਂ ਦੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ ਪੰਜਾਬ ਦੀਆਂ ਕੁਝ ਕੱਟੜਪੰਥੀ ਜਥੇਬੰਦੀਆਂ ਪਸੰਦ ਨਹੀਂ ਕਰਦੀਆਂ, ਭਾਵੇਂ ਉਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਆਪਣੀ ਜਾਨ ਕੁਰਬਾਨ ਕਰਕੇ ਸੂਬੇ ਵਿੱਚ ਸ਼ਾਂਤੀ ਕਾਇਮ ਕਰ ਚੁੱਕੀ ਸੀ। ਖੋਸਲਾ ਨੇ ਕਿਹਾ ਕਿ ਭਾਜਪਾ ’ਚ ਹਮੇਸ਼ਾ ਹੀ ਨੇਤਾਵਾਂ ਦੀ ਯੋਗਤਾ ਦਾ ਮੁਲਾਂਕਣ ਕਰਕੇ ਉਨ੍ਹਾਂ ਨੂੰ ਢੁਕਵੀਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਵਿੱਚ ਕੋਈ ਵੀ ਸੀਟ ਨਾ ਜਿੱਤਣ ਦੇ ਬਾਵਜੂਦ ਕੇਂਦਰੀ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਰਵਨੀਤ ਬਿੱਟੂ ਨੂੰ ਚੋਣ ਹਾਰਨ ਦੇ ਬਾਵਜੂਦ ਲੁਧਿਆਣਾ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਸ਼ਲਾਘਾ ਕੀਤੀ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਯਾਦ ਕਰਵਾਇਆ ਕਿ ਫਗਵਾੜਾ ਵਿੱਚ ਡਾ. ਰਾਜਕੁਮਾਰ ਦੇ ਰੋਡ ਸ਼ੋਅ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਫਗਵਾੜਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਡਾ.ਰਾਜ ਕੁਮਾਰ ਨੂੰ ਸੰਸਦ ਮੈਂਬਰ ਬਣਾਓ, ਮੈਂ ਫਗਵਾੜਾ ਨੂੰ ਜ਼ਿਲ੍ਹਾ ਬਣਾਵਾਂਗਾ। ਹੁਣ ਜਦੋਂ ਡਾ.ਰਾਜ ਕੁਮਾਰ ਫਗਵਾੜਾ ਤੋਂ ਲੀਡ ਲੈ ਕੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦਾ ਤੁਰੰਤ ਐਲਾਨ ਕੀਤਾ ਜਾਵੇ।