ਪੁਰਾਣੀ ਕਚਿਹਰੀ ਪਾਰਕ ਮਾਮਲਾ, ਸ਼ਹਿਰ ਵਾਸੀ ਭਲਕੇ ਕੱਢਣਗੇ ਮਾਰਚ
ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਤੱਕ ਭੇਜਿਆ ਜਾਵੇਗਾ ਮੰਗ ਪੱਤਰ
ਹੁਸ਼ਿਆਰਪੁਰ,( ਤਰਸੇਮ ਦੀਵਾਨਾ): ਪੁਰਾਣੀਆਂ ਕਚਿਹਰੀਆਂ ਦੀ ਖਾਲ੍ਹੀ ਹੋਈ ਜਗ੍ਹਾਂ ’ਤੇ ਪਾਰਕ ਬਣਾਉਣ ਤੇ ਇੱਥੇ ਮੌਜੂਦ 100 ਸਾਲ ਤੋਂ ਵੱਧ ਪੁਰਾਣੀਆਂ ਇਮਾਰਤਾਂ ਨੂੰ ਵਿਰਾਸਤ ਵਜ੍ਹੋਂ ਸੰਭਾਲਣ ਦੀ ਮੰਗ ਕਰ ਰਹੇ ਫਿੱਟ ਬਾਈਕਰ ਕਲੱਬ ਵੱਲੋਂ ਇਸ ਸਬੰਧ ਵਿੱਚ 2ਅਕਤੂਬਰ ਸ਼ਾਮ ਨੂੰ ਪੁਰਾਣੀ ਕਚਿਹਰੀ ਦੇ ਗੇਟ ਤੋਂ ਲੈ ਕੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੱਕ ਪੈਦਲ ਯਾਤਰਾ ਕੱਢੀ ਜਾਵੇਗੀ ਤੇ ਅੰਤ ਵਿੱਚ ਉਹ ਮੰਗ ਪੱਤਰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਸੌਂਪਿਆ ਜਾਵੇਗਾ ਜਿਸ ਉੱਪਰ 23 ਅਕਤੂਬਰ ਨੂੰ ਹਜਾਰਾਂ ਸ਼ਹਿਰ ਵਾਸੀਆਂ ਵੱਲੋਂ ਦਸਤਖਤ ਕੀਤੇ ਗਏ ਸਨ, ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਕਲੱਬ ਮੈਂਬਰਾਂ ਨਾਲ ਕੀਤੀ ਗਈ ਮੀਟਿੰਗ ਉਪਰੰਤ ਦਿੱਤੀ ਗਈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਵੀਰਵਾਰ ਸ਼ਾਮ 5 ਵਜੇ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਤੇ ਸ਼ਹਿਰ ਵਾਸੀ ਕਚਿਹਰੀ ਚੌਂਕ ਵਿੱਚ ਇਕੱਤਰ ਹੋਣਗੇ ਜਿੱਥੋਂ 5.30 ਵਜੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੱਲ ਮਾਰਚ ਕੱਢਿਆ ਜਾਵੇਗਾ, ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਰਾਹੀਂ ਇਹ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਭਗਵੰਤ  ਮਾਨ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਹੁਸ਼ਿਆਰਪੁਰ ਵਾਸੀਆਂ ਦੇ ਮਨ ਦੀ ਗੱਲ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਸਮੇਂ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਿਹਤ ਸੰਭਾਲ ਸਭ ਤੋਂ ਪਹਿਲਾ ਹੈ ਤੇ ਇਸ ਲਈ ਪਾਰਕ ਵੱਡੀ ਜਰੂਰਤ ਹੈ ਜਿੱਥੇ ਲੋਕ ਸਵੇਰੇ-ਸ਼ਾਮ ਸੈਰ ਕਰ ਸਕਣ ਤੇ ਉਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕੇ ਜਿਹੜੇ ਸੜਕਾਂ ਕਿਨਾਰੇ ਸੈਰ ਕਰਨ ਕਾਰਨ ਵਾਪਰਦੇ ਰਹੇ ਹਨ। ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਜਰ, ਤਰਲੋਚਨ ਸਿੰਘ, ਗੁਰਮੇਲ ਸਿੰਘ, ਸੌਰਵ ਸ਼ਰਮਾ ਆਦਿ ਵੀ ਮੌਜੂਦ ਸਨ।