ਹਾਈ ਰਿਸਕ ਗਰਭਵਤੀਆਂ ਨੂੰ ਲਾਈਨ ਲਿਸਟ ਕਰਕੇ ਉਹਨਾਂ ਦੇ ਵਾਧੂ ਚੈੱਕਅਪ ਅਤੇ ਫਾਲੋਅਪ ਯਕੀਨੀ ਬਣਾਇਆ ਜਾਵੇ : ਡਾ.ਅਨੀਤਾ ਕਟਾਰੀਆ

ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਜੱਚਾ-ਬੱਚਾ ਸਿਹਤ ਸੇਵਾਵਾਂ ਅਧੀਨ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਔਰਤਾਂ ਦੀ ਮਾਤਰੀ ਮੌਤ ਦਰ ਵਿੱਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪੱਧਰ ਤੇ ਸਿਵਲ ਸਰਜਨ ਡਾ.ਪਵਨ ਕੁਮਾਰ ਸ਼ਗੋਤਰਾ ਦੀ ਪ੍ਰਧਾਨਗੀ ਅਧੀਨ ਸਤੰਬਰ ਮਹੀਨੇ ਵਿੱਚ ਹੋਈਆਂ ਮਾਤਰੀ ਮੌਤ ਦੇ ਕਾਰਨ ਦੀ ਸਮੀਖਿਆ ਕਰਨ ਲਈ ਮੈਟਰਨਲ ਡੈਥ ਰੀਵਿਊ ਕਮੇਟੀ ਦੀ ਮੀਟਿੰਗ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ.ਅਨੀਤਾ ਕਟਾਰੀਆ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਕੀਤੀ ਗਈ। ਜਿਸ ਵਿਚ ਸੰਬੰਧਤ ਮੈਡੀਕਲ ਅਫਸਰ, ਐਲ.ਐਚ.ਵੀ, ਏ.ਐਨ.ਐਮ ਅਤੇ ਅੰਤਰੀਵੀ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਚਰਚਾ ਕਰਦਿਆਂ ਸਿਵਲ ਸਰਜਨ ਡਾ.ਪਵਨ ਸ਼ਗੋਤਰਾ ਨੇ ਕਿਹਾ ਮਾਤਰੀ ਮੌਤਾਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਹਾਈਰਿਸਕ ਗਰਭਵਤੀ ਔਰਤਾਂ ਦੀ ਪਹਿਚਾਨ ਹੋਣ ਉਪਰੰਤ ਉਨਾਂ ਦੇ ਸਾਰੇ ਲੋੜੀਂਦੇ ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ। ਜਰੂਰਤ ਮੁਤਾਬਿਕ ਉਹਨਾਂ ਦਾ ਇਲਾਜ ਕੀਤਾ ਜਾਵੇ ਅਤੇ ਆਸ਼ਾ, ਏਐਨਐਮ ਵੱਲੋਂ ਉਹਨਾਂ ਦਾ ਲਗਾਤਾਰ ਫਾਲੋਅਪ  ਕੀਤਾ ਜਾਵੇ ਤਾਂ ਜੋ ਲੋੜ ਪੈਣ ਤੇ ਸਮੇਂ ਰਹਿੰਦਿਆਂ ਉਨਾਂ ਨੂੰ ਸਿਹਤ ਸਹੂਲਤਾਂ ਮੁੱਹਈਆ ਕਰਵਾਈਆਂ ਜਾ ਸਕਣ ਅਤੇ ਮਾਤਰੀ ਮੌਤ ਦੇ ਖਤਰੇ ਨੂੰ ਰੋਕਿਆ ਜਾ ਸਕੇ। ਉਹਨਾਂ ਮੈਡੀਕਲ ਅਫਸਰਾਂ ਅਤੇ ਬਾਕੀ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਵਾਸਤੇ ਹਰ ਸੰਭਵ ਯਤਨ  ਅਤੇ ਲੋੜੀਂਦੇ ਉਪਰਾਲੇ ਕੀਤੇ ਜਾਣ। ਡਾ.ਅਨੀਤਾ ਕਟਾਰੀਆ ਨੇ ਕਿਹਾ ਕਿ ਹਰ ਗਰਭਵਤੀ ਔਰਤ ਨੂੰ ਜਿੰਨੀ ਜਲਦੀ ਹੋ ਸਕੇ ਰਜਿਸਟਰ ਕੀਤਾ ਜਾਵੇ। ਉਸ ਦੇ ਸਾਰੇ ਚੈਕਅਪ ਜਿਵੇਂ ਕਿ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ ਐਚਬੀ, ਥਾਇਰਾਇਡ, ਹੈਪੈਟਾਇਟਸ, ਐਲਐਫਟੀ, ਸਕੈਨ, ਈ.ਸੀ.ਜੀ ਅਤੇ ਹੋਰ ਜਰੂਰੀ ਚੈੱਕਅਪ ਸਮੇਂ ਸਿਰ ਕੀਤੇ ਜਾਣ ਤਾਂ ਜੋ ਸਮਾਂ ਰਹਿੰਦੀਆਂ ਕਿਸੇ ਵੀ ਮੁਸ਼ਕਿਲ ਦਾ ਪਤਾ ਲਗਾ ਕੇ ਉਸ ਦਾ ਇਲਾਜ਼ ਕੀਤਾ ਜਾ ਸਕੇ। ਸਿਹਤ ਸੰਸਥਾਵਾਂ ਵਿਖੇ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪੀ.ਐਮ.ਐਸ.ਐਮ.ਏ ਵਾਲੇ ਦਿਨ ਹਰ ਗਰਭਵਤੀ ਔਰਤ ਦਾ ਮਾਹਿਰ ਡਾਕਟਰਾਂ ਵਲੋਂ ਲੋੜੀਦੇ ਚੈਕ-ਅੱਪ ਅਤੇ ਟੈਸਟ ਯਕੀਨੀ ਬਣਾਏ ਜਾਣ। ਇਸ ਦੇ ਨਾਲ ਹੀ ਪਹਿਚਾਨ ਕੀਤੀਆਂ ਹੋਈਆਂ ਹਾਈ ਰਿਸਕ ਗਰਭਵਤੀਆਂ ਜੋ ਭਾਵੇ ਪ੍ਰਾਇਵੇਟ ਇਲਾਜ ਕਰਵਾ ਰਹੀਆਂ ਹੋਣ ਦਾ ਲਗਾਤਾਰ ਫੋਲੋਅਪ ਕੀਤਾ ਜਾਵੇ। ਫੈਸਟੀਵਲ ਸੀਜ਼ਨ ਵਿਚ ਲੱਗਣ ਵਾਲੇ ਮੇਲਿਆਂ ਦੌਰਾਨ ਆਈਆਂ ਪਰਵਾਸੀ ਗਰਭਵਤੀ ਔਰਤਾਂ ਨੂੰ ਪਹਿਚਾਣ ਕੇ ਉਹਨਾਂ ਨੂੰ ਸਿਹਤ ਸਹੂਲਤਾਂ ਮੁੱਹਈਆ ਕਰਵਾਈਆਂ ਜਾਣਾ ਯਕੀਨੀ ਬਣਾਇਆ ਜਾਵੇ।