ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਜਸਵੰਤ ਸਿੰਘ ਜ਼ਫ਼ਰ ਹੁਰਾਂ ਦੇ ਦਿਸ਼ਾ ਨਿਰਦੇਸ਼ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨ ਕਾਲਜ ਡੱਲੇਵਾਲ ਦੇ ਵਿਹੜੇ ਵਿੱਚ ਕਰਵਾਏ ਗਏ ਦੋ ਦਿਨਾ ਪੁਸਤਕ ਮੇਲੇ ਦਾ ਆਖ਼ਰੀ ਦਿਨ ‘ਪੰਜਾਬੀ ਨਾਟਕ ਵਿੱਚ ਔਰਤ ਅਦਾਕਾਰਾਂ ਅਤੇ ਨਿਰਦੇਸ਼ਕਾਂ ਦੀ ਸ਼ਮੂਲੀਅਤ, ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ ’ਤੇ ਕਰਵਾਏ ਸੈਮੀਨਾਰ ਅਤੇ ਨਾਟਕ ਦੇ ਸ਼ਾਨਦਾਰ ਮੰਚਨ ਰਾਹੀਂ ਸਮਾਪਤ ਹੋੋਇਆ।ਸੈਮੀਨਾਰ ਦਾ ਅਗਾਜ਼ ਮੁਖ ਮਹਿਮਾਨਾਂ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਪ੍ਰਾਈਮ ਏਸ਼ੀਆ ਤੋਂ ਪਰਮਵੀਰ ਸਿੰਘ ਬਾਠ, ਪ੍ਰਿੰਸੀਪਲ ਧੀਰਜ ਸ਼ਰਮਾ, ਸਾਂਵਲ ਧਾਮੀ ਹੁਰਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।ਜੀ ਆਇਆਂ ਸ਼ਬਦ ਜ਼ਿਲ੍ਹਾ ਅਫ਼ਸਰ ਡਾ. ਜਸਵੰਤ ਰਾਏ ਨੇ ਪ੍ਰੋਗ੍ਰਾਮ ਦੀ ਰੂਪ-ਰੇਖਾ ਅਤੇ ਪੰਜਾਬੀ ਮਾਹ ਦੀ ਮਹੱਤਤਾ ਦੱਸਦਿਆਂ ਆਖੇ।ਸੈਮੀਨਾਰ ਵਿੱਚ ਮੁਖ ਪਰਚਾ ਪੇਸ਼ ਕਰਦਿਆਂ ਡਾ.ਹਰਪ੍ਰੀਤ ਸਿੰਘ ਨੇ ਕਿਹਾ ਕਿ ਮੁਢਲੇ ਪੰਜਾਬੀ ਨਾਟਕ ਵਿੱਚ ਔਰਤ ਕਿਰਦਾਰਾਂ ਦੀ ਆਮਦ ਰਾਸਧਾਰੀਆਂ ਵੱਲੋਂ ਪੇਸ਼ ਕੀਤੇ ਜਾਂਦੇ ਧਾਰਮਿਕ ਅਤੇ ਸਮਾਜਿਕ ਨਾਟਕਾਂ ਦੇ ਰੂਪ ਵਿੱਚ ਹੋਈ।ਪਰ ਉਦੋਂ ਔਰਤ ਕਿਰਦਾਰਾਂ ਦੀ ਭੂਮਿਕਾ ਮਰਦ ਪਾਤਰ ਨਿਭਾਉਂਦੇ ਸਨ।ਬਾਅਦ ਵਿੱਚ ਲੰਬਾ ਪੈਂਡਾ ਤੈਅ ਕਰਕੇ ਪੰਜਾਬੀ ਨਾਟਕ ਨੌਰਾ ਰਿਚਰਡ ਜਿਸਨੂੰ ਪੰਜਾਬੀ ਨਾਟਕ ਦੀ ਨਕੜਦਾਦੀ ਕਿਹਾ ਜਾਂਦਾ ਹੈ ਦੇ ਉਪਰਾਲਿਆਂ ਤੋਂ ਬਾਅਦ ਪੰਜਾਬੀ ਦੇ ਪਹਿਲੇ ਨਾਟਕਕਾਰਾਂ ਦੀ ਪਤਨੀਆਂ ਅਤੇ ਬੇਟੀਆਂ ਵੱਲੋਂ ਨਿਭਾਏ ਕਿਰਦਾਰਾਂ ਰਾਹੀਂ ਇਹ ਆਪਣੀ ਚਰਮ ਸੀਮਾ ਵੱਲ ਉਡਾਰੀ ਭਰਦਾ ਹੈ।

ਅੱਜ ਰੰਗਮੰਚ ਤੋਂ ਵੱਡੇ ਫਿਲਮ ਪਰਦਿਆਂ ’ਤੇ ਚੁਣੌਤੀਆਂ ਦੇ ਬਾਵਜੂਦ ਔਰਤ ਕਿਰਦਾਰ ਅਤੇ ਨਿਰਦੇਸ਼ਕਾਂ ਸ਼ਾਨਦਾਰ ਭੁਮਿਕਾ ਨਿਭਾ ਰਹੀਆਂ ਹਨ।ਇਸ ਉਪਰੰਤ ਪ੍ਰਸਿੱਧ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਵੱਲੋਂ ਨਿਰਦੇਸ਼ਤ ਸੁਖਵਿੰਦਰ ਅੰਮ੍ਰਿਤ ਦੇ ਜੀਵਨ ’ਤੇ ਅਧਾਰਿਤ ਔਰਤ ਦੀ ਜਗੀਰੂ ਸੱਤਾ ਵੱਲੋਂ ਕੀਤੀ ਲੁਟ ਨੂੰ ਪੇਸ਼ ਕਰਦੇ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨੇ ਵੱਡੇ ਹਾਲ ਵਿੱਚ ਬੈਠੇ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ।ਦਰਸ਼ਕਾਂ ਦੀਆਂ ਬਹੁਤ ਵਾਰ ਅੱਖਾਂ ਸਿੱਲੀਆਂ ਹੋਈਆਂ ਅਤੇ ਵਾਰ-ਵਾਰ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ।ਅਦਾਕਾਰਾ ਕਮਲਜੀਤ ਨੀਰੂ ਦੀ ਦੋ ਘੰਟੇ ਦੀ ਇੱਕ ਪਾਤਰੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਖ਼ੂਬ ਸਰਾਹਿਆ।ਨਾਟਕ ਦੱਸਦਾ ਹੈ ਕਿ ਦ੍ਰਿੜ ਨਿਸ਼ਚਾ, ਸਖ਼ਤ ਘਾਲਣਾ ਅਤੇ ਕੁਝ ਕਰ ਗੁਜ਼ਰਨ ਦੀ ਇੱਛਾ ਲੈ ਕੇ ਜਦੋਂ ਧੀਆਂ ਮੈਦਾਨ ਵਿੱਚ ਡਟ ਜਾਂਦੀਆਂ ਹਨ ਤਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਅੰਬਰ ਮੱਲਣ ਤੋਂ ਕੋਈ ਨਹੀਂ ਰੋਕ ਸਕਦਾ।ਇਸ ਸਮੇਂ ਭਾਸ਼ਾ ਵਿਭਾਗ ਅਤੇ ਹੋਰ ਪਬਲਿਸ਼ਰਾਂ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ, ਬਾਗਬਾਨੀ ਵਿਭਾਗ ਵੱਲੋਂ ਬੂਟਿਆਂ ਦੀ ਪ੍ਰਦਰਸ਼ਨੀ, ਹੱਥ ਨਾਲ ਲੱਕੜ ਦੀਆਂ ਬਣਾਈਆਂ ਸਭਿਆਚਾਰਕ ਕਲਾ ਕਿਰਤਾਂ, ਦੇਸੀ ਗੁੜ-ਸ਼ੱਕਰ ਨੇ ਦਰਸ਼ਕਾਂ ਦਾ ਖ਼ੂਬ ਧਿਆਨ ਖਿੱਚਿਆ।ਇਸ ਸਮੇਂ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾ.ਹਰਪ੍ਰੀਤ ਸਿੰਘ, ਰਾਜਵਿੰਦਰ ਸਮਰਾਲਾ, ਕਮਲਜੀਤ ਨੀਰੂ, ਪਰਮਵੀਰ ਸਿੰਘ ਬਾਠ, ਨਾਇਬ ਤਹਿਸੀਲਦਾਰ ਲਵਦੀਪ ਸਿੰਘ, ਵਰਿੰਦਰ ਨਿਮਾਣਾ, ਪਿੰ੍ਰਸੀਪਲ ਅਮਨਦੀਪ ਸਿੰਘ, ਪ੍ਰਿੰਸੀਪਲ ਧੀਰਜ ਸ਼ਰਮਾ, ਸਾਂਵਲ ਧਾਮੀ, ਸੁਰਿੰਦਰ ਕੰਗਵੀ, ਸਤੀਸ਼ ਕੁਮਾਰ, ਡਾ.ਅਮਨਦੀਪ ਸਿੰਘ, ਡਾ.ਅਰਵਿੰਦ ਸਿੰਘ ਧੂਤ, ਹਰਜਾਪ ਸਿੰਘ, ਪਰਮਜੀਤ ਸਿੰਘ, ਮੈਡਮ ਪ੍ਰਿਆ, ਪ੍ਰੋ.ਅਰੁਣ, ਡਾ.ਮਨਿੰਦਰ ਕੌਰ, ਰਾਜਵੰਤ ਕੌਰ, ਲਵਪ੍ਰੀਤ ਕੌਰ, ਲਾਲ ਸਿੰਘ, ਪੁਸ਼ਪਾ ਰਾਣੀ, ਸਾਹਿਤਕਾਰ, ਸਾਹਿਤ ਪ੍ਰੇਮੀ ਅਤੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਹਾਜ਼ਰ ਸਨ।