ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਮਨੋਰਥ ਨਾਲ ਕੀਤੀ ਜਾਂਦੀ ਹੈ ਬਾਲ ਮੌਤ ਸਮੀਖਿਆ : ਡਾ.ਸੀਮਾ ਗਰਗ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ.ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਟਰੇਨਿੰਗ ਹਾਲ ਵਿਖੇ ਵੱਖ-ਵੱਖ ਬਲਾਕਾਂ ਤੋੰ ਏਐਨਐਮ ਅਤੇ ਆਸ਼ਾ ਵਰਕਰਾਂ ਲਈ ਬਾਲ ਮੌਤ ਦੀ ਸਮੀਖਿਆ ਸਬੰਧੀ ਟ੍ਰੇਨਿੰਗ ਆਯੋਜਿਤ ਕੀਤੀ ਗਈ। ਇਸ ਦੌਰਾਨ ਡਿਪਟੀ ਮਾਸ ਮੀਡੀਆ ਅਫਸਰ ਡਾ.ਤ੍ਰਿਪਤਾ ਦੇਵੀ ਤੇ ਸ਼੍ਰੀਮਤੀ ਰਮਨਦੀਪ ਕੌਰ ਅਤੇ ਡੀਪੀਐਮ ਮੁਹੰਮਦ ਆਸਿਫ ਵੀ ਮੌਜੂਦ ਸਨ। ਟ੍ਰੇਨਿੰਗ ਦੌਰਾਨ ਡਾ.ਸੀਮਾ ਗਰਗ ਨੇ ਕਿਹਾ ਕਿ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਮਨੋਰਥ ਨਾਲ ਇਹ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਹਰ ਬੱਚੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬਾਲ ਮੌਤ ਦੀ ਸਮੀਖਿਆ ਕੀਤੀ ਜਾਂਦੀ ਹੈ ਤਾਂ ਜੋ ਸਮੇਂ ਸਿਰ ਬੱਚਿਆਂ ਦੀ ਮੌਤ ਦਾ ਕਾਰਣ ਪਤਾ ਕਰਕੇ ਸੰਸਥਾਗਤ ਪੱਧਰ ਤੇ ਆਉਣ ਵਾਲੀਆਂ ਕਮੀਆਂ ਦਾ ਨਿਦਾਨ ਕੀਤਾ ਜਾ ਸਕੇ।ਡਾ.ਸੀਮਾ ਗਰਗ ਨੇ ਕਿਹਾ ਕਿ 5 ਸਾਲ ਤੱਕ ਦੀਆਂ ਜਿਆਦਾਤਰ ਬਾਲ ਮੌਤਾਂ ਨੂੰ ਰੋਕਣਾ ਸੰਭਵ ਹੈ, ਜਿਸ ਲਈ ਸਿਹਤ ਵਿਭਾਗ ਵੱਲੋਂ ਬੱਚਿਆਂ ਦੀਆਂ ਮੌਤਾਂ ਦਾ ਜਾਇਜ਼ਾ ਲੈਣ ਲਈ ਇੱਕ ਤੰਤਰ ਬਣਾਇਆ ਗਿਆ ਹੈ। ਜਿਸ ਤਹਿਤ ਹਰ ਬੱਚੇ ਦੀ ਮੌਤ ਦੀ ਰਿਪੋਰਟ ਕੀਤੀ ਜਾਂਦੀ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕਰਕੇ ਸੁਧਾਰਤਮਕ ਕਾਰਵਾਈ ਕੀਤੀ ਜਾਂਦੀ ਹੈ। ਮੌਤ ਤੋਂ ਬਾਅਦ ਜੋ ਵੀ ਕਾਰਨ ਸਾਹਮਣੇ ਆਉਂਦੇ ਹਨ, ਉਨ੍ਹਾਂ ਨੂੰ ਦੂਰ ਕਰ ਕੇ ਸਿਹਤ ਪ੍ਰਣਾਲੀ ਨੂੰ ਸਕਰਾਤਮਕ ਅਤੇ ਗੁਣਾਤਮਕ ਤੌਰ ਤੇ ਸੁਧਾਰਾਂ ਦੇ ਯਤਨ ਕੀਤੇ ਜਾਂਦੇ ਹਨ। ਡਾ.ਗਰਗ ਨੇ ਬੱਚਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ, ਖਤਰੇ ਦੇ ਚਿੰਨ੍ਹ, ਲੱਛਣ, ਕਾਰਨ ਅਤੇ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਨ੍ਹਾਂ ਬੱਚਿਆਂ ਨੂੰ ਜਨਮ ਤੋਂ ਤੁਰੰਤ ਬਾਅਦ ਸੰਭਾਲਣ ਬਾਰੇ, ਬੱਚਿਆਂ ਦੀਆਂ ਮੌਤਾਂ ਦੇ ਨਿਦਾਨ ਲਈ ਕੀਤੇ ਜਾਣ ਵਾਲੇ ਉਪਰਾਲਿਆ ਬਾਰੇ ਅਤੇ ਕੀਤੀ ਜਾਣ ਵਾਲੀ ਰਿਪੋਰਟਿੰਗ ਬਾਰੇ ਜਾਣਕਾਰੀ ਦਿੱਤੀ।

ਬਾਕਸ ਲਈ ਕੁਝ ਪੁਆਇੰਟ:-                                                                                 

ਬੱਚਿਆਂ ਦੀਆਂ ਸੰਭਾਵਿਤ ਮੌਤਾਂ ਨੂੰ ਰੋਕਣ ਲਈ ਹੇਠ ਲਿਖਿਆਂ ਕੁੱਝ ਗੱਲਾਂ ਦਾ ਧਿਆਨ ਰੱਖਿਆ ਜਾਵੇ:-

1. ਬੱਚੇ ਦੇ ਜਨਮ ਸਮੇਂ ਸ਼ਹਿਦ ਜਾਂ ਗੁੜ੍ਹਤੀ ਨਾ ਦਿੱਤੀ ਜਾਵੇ।

2. ਬੱਚੇ ਨੂੰ ਹਮੇਸ਼ਾਂ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਜੋ ਕਿ ਬੱਚੇ ਦੀ ਤੰਦਰੁਸਤੀ ਅਤੇ ਰੋਗਾਂ ਦੀ ਰੋਕਥਾਮ ਲਈ ਬਹੁਤ ਅਹਿਮ ਹੈ।

3. ਜਦੋਂ ਵੀ ਛਾਤੀ ਦਾ ਦੁੱਧ ਚੁੰਘਾਉਣ ਜਾਂ ਹੋਰ ਦੁੱਧ ਪਿਲਾਉਣ ਉਪਰੰਤ ਬੱਚੇ ਨੂੰ ਡਕਾਰ ਆਉਣ ਦੀ ਉਡੀਕ ਕਰੋ, ਤਦ ਹੀ ਬਿਸਤਰੇ ‘ਤੇ ਪਾਓ, ਅਤੇ ਉਹ ਵੀ ਖੱਬੇ ਪਾਸੇ 

4. ਬੱਚੇ ਨੂੰ ਸਿਰਫ਼ ਤੌਲੀਆ ਜਾਂ ਕੰਬਲ ਵਿੱਚ ਨਾ ਲਪੇਟ ਕੇ, ਸਹੀ ਕੱਪੜੇ ਪਾ ਕੇ ਢੱਕੋ ਤਾਂ ਜੋ ਹਾਈਪੋਥਰਮੀਆ (ਘੱਟ ਤਾਪਮਾਨ) ਤੋਂ ਬਚਾਓ ਕੀਤਾ ਜਾ ਸਕੇ।

5. ਜੇਕਰ ਬੱਚੇ ਦੇ ਸਾਹ ਤੇਜ ਚਲਦੇ ਹੋਣ, ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੋਵੇ ਜਾਂ ਬੱਚਾ ਸੁਸਤ (ਨਿਢਾਲ) ਹੋਵੇ ਜਾਂ ਖਾਣ ਤੋਂ ਇਨਕਾਰ ਕਰੇ, ਜੋ ਕਿ ਨਿਮੋਨੀਆ ਹੋ ਸਕਦਾ ਤਾਂ ਤੁਰੰਤ ਬੱਚਿਆਂ ਦੇ ਮਾਹਿਰ ਕੋਲ ਲੈ ਜਾਓ।