ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਪੰਜਾਬ ਦੇ ਹਰ ਤਰ੍ਹਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾ ਦੀ ਅਗਵਾਈ ਕਰਦਾ “ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ” ਵਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਿਸਜ਼ ਯੂਨੀਅਨ ਦੀ ਚੱਲ ਰਹੀ ਹੜਤਾਲ ਦੇ ਸਮਰਥਨ ਵਿੱਚ ਅਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੇ ਖਿਲਾਫ ਅੱਜ ਇੱਥੇ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਸਾਝਾ ਫਰੰਟ ਵਲੋਂ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਮੁਲਾਜ਼ਮਾਂ/ਪੈਨਸ਼ਨਰਾਂ ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਇਸਤਰੀ ਮੁਲਾਜ਼ਮਾਂ ਵਲੋਂ ਸਰਕਾਰ ਦਾ ਖੂਬ ਪਿੱਟ ਸਿਆਪਾ ਕੀਤਾ ਗਿਆ। ਇਸ ਦੌਰਾਨ ਕੁੱਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਸਾਂਝਾ ਫਰੰਟ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਸ਼ਬਦਾਂ ਵਿੱਚ ਅਪੀਲ ਕੀਤੀ ਕਿ ਮਨਿਸਟੀਰੀਅਲ ਮੁਲਾਜ਼ਮਾਂ ਦੀ ਜੱਥੇਬੰਦੀ ਨਾਲ ਮੁੱਖ ਮੰਤਰੀ ਖੁੱਦ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਨਹੀਂ ਤਾਂ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਹਰ ਵਰਗ ਦੇ ਸਮੁੱਚੇ ਮੁਲਾਜ਼ਮ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ। ਆਗੂਆਂ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਮਹਿਗਾਈ ਭੱਤੇ ਦੀਆਂ ਕਿਸ਼ਤਾ ਜਾਰੀ ਕਰਨ, ਮਾਣ-ਭੱਤਾ/ਇਨਸੈਂਟਿਵ ਮੁਲਾਜ਼ਮਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ, ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ ਲਈ 2.59 ਗੁਣਾਂਕ ਲਾਗੂ ਕਰਨ, ਤਨਖਾਹ ਤਰੂਟੀਆਂ ਦੂਰ ਕਰਨ, ਗ੍ਰੇਡ ਪੇ ਸਬੰਧੀ 2011 ਦਾ ਪਾੜਾ ਦੂਰ ਕਰਕੇ ਸਾਰੇ ਮੁਲਾਜ਼ਮਾ ਤੇ ਘੱਟੋ-ਘੱਟ 2.59 ਗੁਣਾਂਕ ਲਾਗੂ ਕਰਨ, ਪ੍ਰੋਵੇਸ਼ਨਲ ਪੀਰੀਅਡ ਘਟਾਉਣ ਅਤੇ ਪੂਰੀ ਤਨਖਾਹ ਸਮੇਤ ਭੱਤੇ ਦੇਣ, ਬੰਦ ਕੀਤੇ ਭੱਤੇ ਬਹਾਲ ਕਰਨ, 200 ਰੁਪਏ ਪ੍ਰਤੀ ਮਹੀਨਾ ਜ਼ਜ਼ੀਆ ਟੈਕਸ ਖਤਮ ਕਰਨ, ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਦਾ ਦੂਜਾ ਹਿਸਾ ਜਾਰੀ ਕਰਨ ਦੀ ਪੁਰਜੋਰ ਮੰਗ ਕੀਤੀ। ਸਾਂਝੇ ਫਰੰਟ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਕਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਪਹਿਲੀ ਜਨਵਰੀ 2024 ਤੋਂ ਆਪ ਸਰਕਾਰ ਦੇ 92 ਵਿਧਾਇਕਾਂ/ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ ਅਤੇ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਅਨੂਰੁੱਧ ਮੋਦਗਿੱਲ, ਕੁਲਵਰਨ ਸਿੰਘ, ਮੱਖਣ ਸਿੰਘ ਵਾਹਿਦਪੁਰੀ, ਸੁਖਦੇਵ ਸਿੰਘ ਡਾਨਸੀਵਾਲ, ਡੀ.ਕੇ. ਮਹਿਤਾ, ਓਂਕਾਰ ਸਿੰਘ, ਇੰਦਰ ਸੁੱਖਦੀਪ ਸਿੰਘ ਓਢਰਾ, ਸੰਜੀਵ ਧੂਤ, ਜਸਵੀਰ ਸਿੰਘ, ਮਨਜੀਤ ਸਿੰਘ ਸੈਣੀ, ਪ੍ਰਮੋਦ ਗਿੱਲ, ਰਾਕੇਸ਼ ਕੁਮਾਰ, ਪ੍ਰਵੇਸ਼ ਕੁਮਾਰ, ਅਮਨਦੀਪ ਸ਼ਰਮਾ, ਬਲਵੀਰ ਸਿੰਘ ਸੈਣੀ, ਸ਼ਮਸ਼ੇਰ ਸਿੰਘ ਧਾਮੀ, ਬਿਕਰਮਜੀਤ ਸਿੰਘ ਆਹਲੂਵਾਲੀਆਂ, ਦਵਿੰਦਰ ਭੱਟੀ, ਸ੍ਰੀਮਤੀ ਇੰਦੂ ਰਾਣਾ, ਮਨਜੀਤ ਸਿੰਘ ਬਾਜਵਾ ਆਦਿ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।
Post Views: 135