ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਬਾਹਰੀ ਰਾਜਾਂ ਦੇ ਝੋਨੇ ਦੀ ਖ਼ਰੀਦ ਕਰਨਾ ਪੰਜਾਬ ਦੇ ਕਿਸਾਨਾਂ ਨਾਲ ਧੋਖਾ : ਵਿਪੁਲ ਤਿਆਗੀ
ਪੰਜਾਬ ਸਰਕਾਰ ਅੰਕੜੇ ਜਾਰੀ ਕਿ ਕਿਸਾਨਾਂ ਨੂੰ ਜਿਲਾ ਪੱਧਰ ਤੇ ਕਿੰਨੀਆਂ ਕਿੰਨੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ
ਪੰਜਾਬ ਵਿੱਚ ਝੋਨੇ ਦੀ ਖਰੀਦ ਤੇ ਐਮਐਸ਼ਪੀ ਖਤਮ ਕਰਨ ਦੀਆਂ ਖ਼ਬਰਾਂ ਸਿਰਫ ਅਫ਼ਵਾਹ
ਪਰਾਲੀ ਦੀ ਸਮੱਸਿਆਂ ਦੇ ਹੱਲ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਪੈਸੇ ਵਿੱਚ ਹੋਏ ਘਪਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ
ਬੰਦ ਕੀਤੀਆਂ ਮੰਡੀਆਂ ਵਿੱਚ ਖਰੀਦ ਸ਼ੁਰੂ ਨਾ ਹੋਣ ਕਾਰਨ ਭਗਵੰਤ ਮਾਨ ਖਿਲਾਫ ਪੰਜਾਬੀਆ ਵਿੱਚ ਭਾਰੀ ਰੋਸ
ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ਦੇ ਹਾਲਾਤ ਬਦ ਤੋਂ ਬਦਤਰ
ਭਾਜਪਾ ਕਿਸਾਨ ਮੋਰਚਾ ਵੱਲੋਂ ਜਿਲਾ ਪੱਧਰ ਤੇ ਕਬੱਡੀ ਦੇ ਮੈਚ ਕਰਵਾਏ ਜਾਣਗੇ
ਚੰਡੀਗੜ੍ਹ,(ਰਾਜ਼ਦਾਰ ਟਾਇਮਸ): ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਸੈਕਟਰ 37 ਏ ਚੰਡੀਗੜ ਵਿਖੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਦੇ ਹੋਏ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਸਹਿ ਖ਼ਜ਼ਾਨਚੀ ਵਿਪੁਲ ਤਿਆਗੀ ਤੇ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀਆ ਸਮੱਸਿਆਵਾਂ ਨੂੰ ਲੈਕੇ ਬਿਲਕੁਲ ਗੰਭੀਰ ਨਹੀਂ ਹਨ| ਉਹ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਨਵੇਂ ਨਵੇਂ ਡਰਾਮੇ ਕਰਕੇ ਲੋਕਾਂ ਦੀਆ ਅੱਖਾਂ ਵਿਚ ਧੂਲ ਪਾਉਣ ਦੀ ਕੋਸਿਸ ਕਰਦੇ ਰਹਿੰਦੇ ਹਨ, ਪਰ ਪੰਜਾਬ ਦੀ ਜਨਤਾ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਉਤਾਵਲੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਦੀ ਸਮੱਸਿਆਂ ਦੇ ਹੱਲ ਲਈ ਕੇਂਦਰ ਸਰਕਾਰ ਦੇ ਪੈਸੇ ਦਾ ਸਹੀ ਤਰੀਕੇ ਇਸਤੇਮਾਲ ਕਰਨ ਵਿੱਚ ਫੇਲ ਹੋਈ ਚੁੱਕੀ ਹੈ,ਕੇਂਦਰ ਦੇ ਫੰਡ ਦੀ ਵਰਤੋਂ ਵਿੱਚ ਵੱਡੇ ਘਪਲੇ ਦੀਆਂ ਖ਼ਬਰਾਂ ਆ ਰਹੀਆਂ ਹਨ ਇਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਭਗਵੰਤ ਮਾਨ ਸਰਕਾਰ ਪਰਾਲੀ ਦੀ ਸਮੱਸਿਆ ਨੂੰ ਲੈਕੇ ਗੰਭੀਰ ਵੀ ਨਹੀਂ ਹੈ ,ਨਾ ਹੀ ਇਸ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਕੀਤੇ ਹਨ| ਉਹਨਾ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਸਰਕਾਰੀ ਅੰਕੜੇ ਜਾਰੀ ਕਿ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਜਿਲਾ ਪੱਧਰ ਤੇ ਪੰਜਾਬ ਵਿੱਚ ਕਿਸਾਨਾਂ ਨੂੰ ਕਿੰਨੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆ ਹਨ .ਉਹਨਾਂ ਦੋਸ਼ ਲਗਾਇਆ ਕਿ ਮਸ਼ੀਨਰੀ ਦੇਣ ਸਮੇਂ ਕਿਸਾਨਾਂ ਨਾਲ ਪੱਖਪਾਤ ਦੀਆਂ ਖ਼ਬਰਾਂ ਮਿਲ ਰਹੀਆਂ ਹਨ| ਇਸ ਦੀ ਜਾਂਚ ਕੀਤੀ ਜਾਵੇ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਬੰਦ ਕੀਤੀਆਂ ਮੰਡੀਆਂ ਵਿੱਚ ਦੁਬਾਰਾ ਖਰੀਦ ਸ਼ੁਰੂ ਨਹੀ ਕੀਤੀ ਗਈ| ਜਿਸ ਕਰਕੇ ਕਿਸਾਨ ਤੇ ਆੜ੍ਹਤੀਆਂ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੀਆਂ ਕੁਝ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਹੈ, ਦੂਸਰੇ ਪਾਸੇ ਬਾਹਰੀ ਰਾਜਾਂ ਦਾ ਝੋਨਾ ਪੰਜਾਬ ਵਿੱਚ ਖਰੀਦ ਕੇ ਪੰਜਾਬ ਸਰਕਾਰ ਪੰਜਾਬੀਆ ਨਾਲ ਧੋਖਾ ਕਰ ਰਹੀ ਹੈ,ਉਹਨਾ ਮੰਗ ਕੀਤੀ ਕਿ ਇਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਉਹਨਾ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ।ਉਹਨਾਂ ਭਗਵੰਤ ਮਾਨ’ ਸਰਕਾਰ ਤੇ ਹਮਲਾ ਬੋਲਦੇ ਹੋਏ ਓਹਨਾ ਕਿਹਾ ਕਿ ਪੰਜਾਬ ਜਹਿਰੀਲੀ ਧੁੰਦ ਦੀ ਮੋਟੀ ਪਰਤ ਦੀ ਲਪੇਟ ਵਿੱਚ ਆਇਆ ਹੋਇਆ ਹੈ, ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸਾਡੇ ਕਿਸਾਨਾਂ ਤੇ ਪੰਜਾਬੀਆਂ ਦੀ ਕੋਈ ਚਿੰਤਾ ਨਹੀਂ ਹੈ| ਮੁੱਖ ਮੰਤਰੀ ਸਾਹਿਬ ਆਪਣੇ ਬੌਸ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਹੋਰਨਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਮਸਤ ਹਨ ਤੇ ਪੰਜਾਬ ਦੇ ਖਜਾਨੇ ਦੇ ਪੈਸੇ ਨੂੰ ਬਰਬਾਦ ਕਰਨ ਲਗੇ ਹੋਏ ਹਨ |ਓਹਨਾ ਕਿਹਾ ਕਿ ਪੰਜਾਬ ਦੇ ਖਜਾਨੇ ਦੇ ਪੈਸੇ ਨੂੰ ਬਰਬਾਦ ਕਰਨ ਦੀ ਬਜਾਏ ,ਪਰਾਲੀ ਦੀ ਸਮੱਸਿਆ ਤੇ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਕਰਨ ਲਈ ਵਰਤਿਆ ਜਾਵੇ |ਉਹਨਾ ਦੱਸਿਆ ਕਿ ਹਰ ਸਾਲ 350 ਕਰੋੜ ਕੇਂਦਰ ਸਰਕਾਰ ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਨੂੰ ਭੇਜ ਰਹੀ ਹੈ । 2 ਸਾਲਾਂ ਚ 700 ਕਰੋੜ ਆਇਆ ਅਤੇ ਕਿਸਾਨ ਅਜੇ ਵੀ ਪਰਾਲੀ ਜਲਾਉਣ ਨੂੰ ਮਜਬੂਰ ਹਨ ।ਕੇਂਦਰ ਸਰਕਾਰ ਨੇ ਪਰਾਲੀ ਤੋਂ ਬਣੇ ਇਥੇਨੋਲ ਤੇ ਚੱਲਣ ਵਾਲੀ ਇੰਨੋਵਾ ਵੀ ਟੋਇਟਾ ਕੰਪਨੀ ਤੋਂ ਲਾਉਂਚ ਕਰਵਾ ਦਿੱਤੀ ਹੈ ।ਪਰ ਪੰਜਾਬ ਵਿੱਚ ਵਿਗੜੀ ਕਨੂੰਨ ਵਿਵਸਥਾ ਦੇ ਚੱਲਦੇ ਕੋਈ ਪੰਜਾਬ ਚ ਪਰਾਲੀ ਤੋਂ ਇਥੇਨੌਲ ਬਣਾਉਣ ਦਾ ਕਾਰਖਾਨਾ ਲਾਉਣ ਨੂੰ ਤਿਆਰ ਨਹੀਂ। ਗ੍ਰੀਨ ਟ੍ਰਿਬਿਊਨਲ ਦੇ ਅਨੁਸਾਰ ਪਰਾਲੀ ਪ੍ਰਬੰਧਨ ਦਾ ਕੰਮ ਪੰਜਾਬ ਸਰਕਾਰ ਦਾ ਹੈ ,ਕਿਸਾਨ ਦਾ ਨਹੀਂ। ਪੰਜਾਬ ਸਰਕਾਰ ਦੇ ਦੂਜੇ ਸੂਬਿਆਂ ਚ ਰੁਝੇ ਹੋਣ ਕਰਕੇ ਪੰਜਾਬ ਦਾ ਕਿਸਾਨ ਪਰਾਲੀ ਸਾੜਨ ਨੂੰ ਮਜਬੂਰ ਹੈ। ਕਿਸਾਨ ਨੂੰ ਬਦਨਾਮ ਕਰਨ ਦਾ ਕੰਮ ਕੇਜਰੀਵਾਲ ਸਾਬ੍ਹ ਨੇ ਕੀਤਾ ਅਤੇ ਕੋਈ ਹੱਲ ਨਹੀਂ ਕੀਤਾ। ਆਪ ਸਰਕਾਰ ਕਿਸਾਨੀ ਦੇ ਮੁੱਦੇ ਤੇ ਬੁਰੀ ਤਰਾਂ ਫੇਲ ਹੋਈ ਹੈ।ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਬੇਨਤੀ ਕਰਦੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰੇ ,ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇ ।ਉਹਨਾਂ ਮੰਗ ਕੀਤੀ ਕਿ ਗੁਲਾਬੀ ਸੁੰਡੀ,ਮੀਂਹ ,ਗੜੇਮਾਰੀ ਤੇ ਹੜਾ ਨਾਲ ਖਰਾਬ ਹੋਈਆਂ ਫ਼ਸਲਾਂ ਦਾਂ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਕਿਸਾਨਾਂ ਨੂੰ ਤੇ 10 ਹਜ਼ਾਰ ਰੁਪਏ ਪ੍ਰਤੀ ਏਕੜ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਤੁਰੰਤ ਦਿੱਤਾ ਜਾਵੇ ।ਉਹਨਾਂ ਕਿਹਾ ਝੋਨੇ ਤੇ ਐਮਐਸ਼ਪੀ ਖਤਮ ਕਰਨ ਦੀਆਂ ਖ਼ਬਰਾਂ ਵਿੱਚ ਕੋਈ ਸਚਾਈ ਨਹੀ ਹੈ ਫਸਲਾਂ ਤੇ ਐਮਐਸਪੀ ਜਾਰੀ ਰਹੇਗੀ ।ਉਹਨਾਂ ਕਿਹਾ ਜਦੋ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਨਿਰੰਤਰ ਫਸਲਾ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵੱਡਾ ਵਾਧਾ ਕੀਤਾ ਜਾ ਰਿਹਾ ਹੈ ਜੋ ਜਾਰੀ ਰਹੇਗਾ ।ਉਹਨਾਂ ਕਿਹਾ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਹੈ ਤੇ ਖੜਾ ਰਹੇਗਾ।ਵਿਪੁਲ ਤਿਆਗੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਜਪਾ ਕਿਸਾਨ ਮੋਰਚਾ ਵੱਲੋਂ ਜਿਲਾ ਪੱਧਰ ਤੇ ਕਬੱਡੀ ਮੈਚ ਕਰਵਾਏ ਜਾਣਗੇ ,ਜਿੱਤੀਆ ਹੋਈਆਂ ਟੀਮਾਂ ਨੂੰ ਕੇਂਦਰੀ ਮੰਤਰੀ ਵੱਲੋ ਸਨਮਾਨਿਤ ਕੀਤਾ ਜਾਵੇਗਾ ।ਇਸ ਮੋਕੇ ਤੇ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ,ਜਤਿੰਦਰ ਸਿੰਘ ਅਠਵਾਲ ਸਾਬਕਾ ਸੂਬਾ ਪ੍ਰਧਾਨ ਬੀਜੇਪੀ ਕਿਸਾਨ ਮੋਰਚਾ ,ਐਡਵੋਕੇਟ ਡੀਐਸ਼ ਵਿਰਕ ਪ੍ਰੈੱਸ ਸਕੱਤਰ ਬੀਜੇਪੀ ਕਿਸਾਨ ਮੋਰਚਾ ਪੰਜਾਬ ,ਸਤਨਾਮ ਸਿੰਘ ਬਿੱਟਾ,ਕਰਨਪਾਲ ਗੋਲਡੀ ,ਜਸਪਾਲ ਸਿੰਘ ਗਗਰੋਲੀ, ਗੁਰਚਰਨ ਸਿੰਘ ਸੰਧੂ ,ਐਡਵੋਕੇਟ ਅਵਤਾਰ ਸਿੰਘ ਅਦਿ ਹਾਜ਼ਰ ਸਨ