ਦਸੂਹਾ,(ਰਾਜਦਾਰ ਟਾਇਮਸ): ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ।ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਹੋਣ ਜਾ ਰਹੀਆਂ ਹਨ, ਇਸ ਵੇਲੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਸਾਰੇ ਪਿੰਡਾਂ ਅੰਦਰ ਉਮੀਦਵਾਰਾਂ ਵੱਲੋਂ ਪੰਚੀ-ਸਰਪੰਚੀ ਸੰਬੰਧੀ ਆਪਣੀ ਕਿਸਮਤ ਅਜਮਾਉਣ ਲਈ ਫਾਈਲਾਂ ਭਰੀਆਂ ਜਾ ਰਹੀਆਂ ਹਨ। ਕਈ ਪਿੰਡਾਂ ਨੇ ਤਾਂ ਇਸ ਵਾਰ ਚੋਣਾਂ ਤੋਂ ਪਹਿਲਾਂ ਹੀ ਸਰਬਸਮੰਤੀ ਨਾਲ ਪੰਚਾਇਤ ਚੁਣ ਕੇ ਮਿਸਾਲ ਕਾਇਮ ਕੀਤੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਹਰਸਿਮਰਤ ਸਾਹੀ (ਸਾਬਕਾ ਪ੍ਰਧਾਨ ਨਗਰ ਕੌਂਸਲ ਦਸੂਹਾ ਤੇ ਭਾਜਪਾ ਆਗੂ) ਨੇ ਦਸੂਹਾ ਦਫਤਰ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਐਨ.ਓ.ਸੀ, ਐਸ.ਸੀ ਸਰਟੀਫਿਕੇਟ ਅਤੇ ਹੋਰ ਕਾਗਜਾਤ ਲੈਣ ਵਿੱਚ ਪਰੇਸ਼ਾਨੀ ਆ ਰਹੀ ਹੈ, ਮੌਜੂਦਾ ਸਰਕਾਰ ਦਾ ਦਖਲ ਸਿੱਧੇ ਤੌਰ ਤੇ ਇਹਨਾਂ ਪੰਚਾਇਤਾਂ ਚੋਣਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਰਕਾਰ ਨੇ ਆਪਣੇ ਸਿਆਸੀ ਫਾਇਦੇ ਲਈ ਜਿਹੜੇ ਪਿੰਡਾਂ ਦੀ ਰਿਜਰਵੇਸ਼ਨ ਸੀਟ ਲੋਕ ਪੱਖੀ ਸੀ ਉੱਥੇ ਜਰਨਲ ਕੀਤੀ ਜਿੱਥੇ ਜਰਨਲ ਸੀ, ਉੱਥੇ ਰਿਜਰਵੇਸ਼ਨ ਕੀਤੀ, ਜਿੱਥੇ ਰਿਜਰਵੇਸ਼ਨ ਔਰਤ ਸੀਟ ਆਈ ਹੈ ਪਰ ਉਮੀਦਵਾਰਾਂ ਨੂੰ ਪੂਰੇ ਕਾਗਜ ਕਰਨ ਲਈ ਸਰਟੀਫਿਕੇਟ ਨਹੀਂ ਸੀ, ਪਰ ਜਦੋਂ ਦਫਤਰ ਗਏ ਤਾਂ ਉਥੇ ਉਹਨਾਂ ਨੂੰ ਸਿਰਫ ਧੱਕੇ ਹੀ ਮਿਲੇ। ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਮੌਜੂਦਾ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਸਿਆਸੀ ਮੁਨਾਫੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਵਿਧਾਨ ਸਭਾ ਦੀਆਂ ਚੋਣਾਂ, ਲੋਕ ਸਭਾ ਦੀਆਂ ਵਿੱਚ ਆਪਣੀਆਂ ਵੋਟਾਂ ਪਾ ਚੁੱਕੇ ਵੋਟਰਾਂ ਦਾ ਨਾਮ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤ ਵੋਟਰ ਲਿਸਟਾਂ ਵਿੱਚੋ ਕੱਟਿਆ ਗਿਆ ਹੈ ਜੋ ਕਿ ਵੋਟਰ ਲਿਸਟਾਂ ਵਿੱਚ ਦੁਬਾਰਾ ਨਾਮ ਪਵਾਉਣ ਲਈ ਦਫਤਰਾਂ ਦੇ ਚੱਕਰ ਮਾਰਦੇ ਪਰ ਉਹਨਾਂ ਨੂੰ ਦਫਤਰਾਂ ਵਿੱਚ ਸਿਰਫ ਖਾਲੀ ਕੁਰਸੀਆਂ ਮਿਲ ਰਹੀਆਂ ਹਨ। ਇਹ ਬਹੁਤ ਮੰਦਭਾਗਾ ਹੈ, ਅੱਜ ਐਸ.ਡੀ.ਐਮ ਦਸੂਹਾ ਦਫਤਰ ਨੂੰ ਤਾਲਾ ਲਾ ਦਿੱਤਾ ਗਿਆ। ਜਿੰਨਾ ਉਮੀਦਵਾਰਾਂ ਨੇ ਆਪਣੇ ਕਾਗਜ ਐਸ.ਡੀ.ਐਮ ਦਸੂਹਾ ਤੋਂ ਸਾਈਨ ਕਰਵਾ ਕੇ ਜਮਾ ਕਰਵਾਉਣੇ ਸੀ। ਉਹਨਾਂ ਉਮੀਦਵਾਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪੰਚਾਇਤੀ ਚੋਣਾਂ ਨੂੰ ਸੂਬਾ ਸਰਕਾਰ ਬਿਨਾਂ ਕਿਸੇ ਭੇਦਭਾਵ ਤੋਂ ਹੋਣ ਦੇਵੇ ਤਾਂ ਕਿ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇ।