ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਦੀ ਅਗਵਾਈ ਵਿੱਚ “ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ” ਜਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਖੇ ਮਨਾਇਆ ਗਿਆ। ਜਿਲ੍ਹਾ ਪੱਧਰ ‘ਤੇ ਇਸ ਦਿਵਸ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਤੋਂ ਕੀਤੀ ਗਈ। ਜਿੱਥੇ ਕਿ ਦੁਪਿਹਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਾਜੋਲ ਗੋਲੀ ਖਿਲਾਈ ਗਈ। ਸਿਹਤ ਵਿਭਾਗ ਵੱਲੋਂ ਆਰਬੀਐਸਕੇ ਦੇ ਏਐਮਓ ਡਾ.ਮਨਦੀਪ ਕੌਰ ਤੇ ਏਐਮਓ ਡਾ.ਵਿਵੇਕ ਕੁਮਾਰ ਅਤੇ ਮਾਸ ਮੀਡੀਆ ਵਿੰਗ ਤੋਂ ਡਿਪਟੀ ਮਾਸ ਮੀਡੀਆ ਅਫਸਰ ਡਾ.ਤ੍ਰਿਪਤਾ ਦੇਵੀ ਅਤੇ ਮਾਸ ਮੀਡਿਆ ਅਫਸਰ ਰਮਨਦੀਪ ਕੌਰ ਉਪਸਥਿਤ ਹੋਏ। ਇਸ ਮੁਹਿੰਮ ਦਾ ਨਰੀਖਣ ਕਰਨ ਲਈ ਸਟੇਟ ਹੈਡਕੁਆਟਰ ਤੋਂ ਐਡੀਸ਼ਨਲ ਡਾਇਰੈਕਟਰ ਡਾ.ਮੰਜੂ ਬਾਂਸਲ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ।
ਡਾ.ਮੰਜੂ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 01 ਤੋਂ 19 ਸਾਲ ਤੱਕ ਦੇ ਬੱਚੇ ਪੇਟ ਦੇ ਕੀੜਿਆਂ ਦੀ ਬੀਮਾਰੀ ਦੇ ਜਿਆਦਾ ਸ਼ਿਕਾਰ ਹੁੰਦੇ ਹਨ। ਇਸ ਬੀਮਾਰੀ ਨਾਲ ਬੱਚਿਆਂ ‘ਚ ਭੁੱਖ ਨਾ ਲੱਗਣਾ, ਕੁਪੋਸ਼ਣ ਅਤੇ ਖੂਨ ਦੀ ਕਮੀ, ਸੰਪੂਰਨ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਰੁਕਾਵਟ, ਖੂਨ ਦੀ ਕਮੀ ਕਾਰਨ ਥਕਾਵਟ ਰਹਿਣੀ, ਪੜਾਈ ‘ਚ ਮਨ ਨਾ ਲੱਗਣਾ ਆਦਿ ਵਰਗੀਆਂ ਕਮੀਆਂ ਆ ਜਾਂਦੀਆਂ ਹਨ। ਇਨਾਂ ਤੋਂ ਬਚਾਓ ਲਈ ਬੱਚਿਆਂ ਨੂੰ ਇਹ ਦਵਾਈ ਖਵਾਈ ਜਾ ਰਹੀ ਹੈ ਜਿਸ ਨਾਲ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ। ਇਹ ਗੋਲੀ ਬੱਚਿਆਂ ਨੂੰ ਮੀਡ-ਡੇ ਮੀਲ ਤੋਂ ਬਾਅਦ ਸਕੂਲਾਂ ‘ਚ ਅਧਿਆਪਕਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਨਿਗਰਾਨੀ ਹੇਠ ਦਿੱਤੀ ਜਾਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਅੱਜ ਕਿਸੇ ਵੀ ਕਾਰਨ ਕਰਕੇ ਦਵਾਈ ਲੈਣ ਤੋ ਵਾਂਝੇ ਰਹਿ ਜਾਣਗੇ ,ਉਨਾਂ ਬੱਚਿਆਂ ਨੂੰ 5 ਦਸੰਬਰ 2024 ਦੇ ਮੋਪ-ਅਪ ਦਿਵਸ ਨੂੰ ਦੋਬਾਰਾ ਦਵਾਈ ਖੁਆਈ ਜਾਵੇਗੀ। ਡਾ.ਮਨਦੀਪ ਕੌਰ ਨੇ ਦੱਸਿਆ ਕਿ ਐਲਬੈਂਡਾਜੋਲ ਦੀ ਗੋਲੀ ਨਾਲ ਦੋ ਤਰ੍ਹਾਂ ਨਾਲ ਲਾਭ ਹੰਦਾ ਹੈ, ਪਹਿਲਾਂ ਸਿੱਧਾ ਜਿਨਾਂ ’ਚ ਅਨੀਮਿਆ ਤੋਂ ਬਚਾਅ, ਪੌਸ਼ਟਿਕ ਭੋਜਨ ਦੀ ਜ਼ਿਆਦਾ ਪਾਚਣ ਸ਼ਕਤੀ, ਸਰੀਰ ਦਾ ਖੁਰਾਕ ਲੈਣ ਤੇ ਪਾਚਣ ਸ਼ਕਤੀ ’ਚ ਸੁਧਾਰ ਆਉਂਦਾ ਹੈ ਅਤੇ ਦੂਜਾ ਅਸਿੱਧਾ ਲਾਭ ਜਿਵੇਂ ਸਰੀਰਕ ਸ਼ਕਤੀ ਵਿੱਚ ਵਾਧਾ, ਸਿੱਖਣ ਅਤੇ ਧਿਆਨ ਦੇਣ ਦੀ ਸਮਰੱਥਾ ਵਿੱਚ ਸੁਧਾਰ ਅਤੇ ਸਮਾਜ ਵਿੱਚ ਪੇਟ ਦੇ ਕੀੜਿਆਂ ਦੇ ਫੈਲਣ ਦੇ ਘੇਰੇ ਦਾ ਘੱਟ ਹੋਣਾ ਆਦਿ ਵਰਗੇ ਲਾਭ ਹੁੰਦੇ ਹਨ।
ਉਨਾਂ ਕਿਹਾ ਕਿ ਇਸ ਗੋਲੀ ਦਾ ਕੋਈ ਮਾੜਾ ਪ੍ਰਭਾਵ ਨਹੀ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਬੱਚਿਆਂ ਅਤੇ ਵੱਡਿਆਂ ਲਈ ਸੁਰੱਖਿਅਤ ਹੈ। ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ ਨੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਅਤੇ ਰੋਕਥਾਮ ਲਈ ਦਵਾਈ ਖਾਣ ਦੇ ਨਾਲ ਨਾਲ ਹੋਰ ਮਹੱਤਵਪੂਰਨ ਗੱਲਾਂ ਵੱਲ ਵੀ ਧਿਆਨ ਦੇਣ ਲਈ ਕਿਹਾ ਜਿਵੇਂ ਕਿ ਹੱਥਾਂ ਦੇ ਨਹੁੰ ਸਾਫ ਤੇ ਛੋਟੇ ਰੱਖਣੇ, ਖਾਣ-ਪੀਣ ਦੇ ਸਮਾਨ ਨੂੰ ਢੱਕ ਕੇ ਰੱਖਣਾ, ਆਸ-ਪਾਸ ਦੀ ਸਫਾਈ ਰੱਖਣੀ, ਖਾਣ ਤੋ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਵਿੱਚ ਹੱਥ ਸਾਬਣ ਨਾਲ ਧੋਣੇ, ਜੁੱਤੀਆਂ ਪਾ ਕੇ ਰੱਖਣਾ, ਨੰਗੇ ਪੈਰ ਨਾ ਚੱਲਣਾ, ਸਾਫ ਪਾਣੀ ਪੀਣਾ, ਫੱਲਾਂ ਅਤੇ ਸਬਜ਼ੀਆਂ ਨੂੰ ਸਾਫ ਪਾਣੀ ਵਿੱਚ ਧੋਣਾ, ਸ਼ੌਚ ਲਈ ਖੁੱਲੇ ਥਾਂ ਦੀ ਬਜਾਏ ਹਮੇਸ਼ਾਂ ਪਖਾਨੇ ਦੀ ਵਰਤੋਂ ਕਰਨਾ ਆਦਿ ਸ਼ਮਿਲ ਹਨ। ਉਨਾਂ ਕਿਹਾ ਕਿ ਅਸੀ ਆਪਣੇ-ਆਪ ਦੀ ਸਫਾਈ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖ ਕੇ ਕਾਫੀ ਹੱਦ ਤੱਕ ਪੇਟ ਦੇ ਕੀੜਿਆਂ ਦੀ ਬੀਮਾਰੀ ਤੋਂ ਬੱਚ ਸਕਦੇ ਹਾਂ। ਇਸ ਦੌਰਾਨ ਬੱਚਿਆਂ ਨੂੰ ਹੱਥਾਂ ਨੂੰ ਧੋਣ ਦੀ ਸਹੀ ਵਿਧੀ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਪੁਨੀਤ ਨੇ ਐਡੀਸ਼ਨਲ ਡਾਇਰੈਕਟਰ ਡਾ.ਮੰਜੂ ਬੰਸਲ ਅਤੇ ਸਿਹਤ ਵਿਭਾਗ ਤੋਂ ਆਈ ਹੋਈ ਹੈਲਥ ਟੀਮ ਦਾ ਧੰਨਵਾਦ ਕੀਤਾ। ਇਸ ਤੋਂ ਉਪਰੰਤ ਡਾ ਮੰਜੂ ਬਾਂਸਲ ਨੇ ਪਿੰਡ ਪੁਰਹੀਰਾਂ , ਸ਼ੇਰ ਗੜ੍ਹ ਅਤੇ ਚੱਬੇਵਾਲ ਦੇ ਸਕੂਲਾਂ ਦਾ ਵੀ ਦੌਰਾ ਕੀਤਾ।