ਫਗਵਾੜਾ,(ਸ਼ਿਵ ਕੋੜਾ): ਭਗਤ ਜਵਾਲਾ ਦਾਸ ਵੈਲਫੇਅਰ ਕਮੇਟੀ ਪਿੰਡ ਲੱਖਪੁਰ ਵਲੋਂ ਐਨ.ਆਰ.ਆਈ ਵੀਰਾਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਦੀ ਯਾਦਗਾਰ ਵਜੋਂ ਪੁਰਾਤਨ ਖੂਹੀ ਦੀ ਕਰਵਾਈ ਜਾ ਰਹੀ ਕਾਰਸੇਵਾ ‘ਚ ਵਢਮੁੱਲਾ ਯੋਗਦਾਨ ਪਾਉਂਦੇ ਹੋਏ ਨੰਬਰਦਾਰ ਕੁਲਵੰਤ ਸਿੰਘ ਢੱਡਵਾਲ ਵਾਸੀ ਲੱਖਪੁਰ ਨੇ ਆਪਣੀ ਨੇਕ ਕਮਾਈ ਵਿਚੋਂ 21 ਹਜਾਰ ਰੁਪਏ ਦਾ ਚੈਕ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਬੰਗੜ ਰਿਟਾ. ਪਿ੍ਰੰਸੀਪਲ ਨੂੰ ਭੇਂਟ ਕੀਤਾ। ਪਿ੍ਰੰਸੀਪਲ ਬੰਗੜ ਨੇ ਇਸ ਉਪਰਾਲੇ ਲਈ ਨੰਬਰਦਾਰ ਕੁਲਵੰਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਇਸ ਤੋਂ ਪਹਿਲਾਂ ਕਮੇਟੀ ਵਲੋਂ ਕਰਵਾਏ ਗਏ। ਸਕੂਲਾਂ ਦੇ ਨਵੀਨੀਕਰਣ ਵਿਚ ਵੀ ਵਢਮੁੱਲਾ ਯੋਗਦਾਨ ਪਾਇਆ ਸੀ। ਉਹਨਾਂ ਦੱਸਿਆ ਕਿ ਇਸ ਖੂਹੀ ਦੀ ਕਾਰਸੇਵਾ ਨੂੰ ਲੈ ਕੇ ਸੰਗਤਾਂ ‘ਚ ਭਾਰੀ ਉਤਸ਼ਾਹ ਹੈ ਕਿਉਂਕਿ ਭਗਤ ਜਵਾਲਾ ਦਾਸ ਜੀ ਨੇ ਆਪਣੇ ਜੀਵਨ ਕਾਲ ਵਿਚ ਜਿੱਥੇ ਕਈ ਬੋਹੜ ਤੇ ਪਿੱਪਲ ਦੇ ਦਰੱਖਤ ਲਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਸੀ ਅਤੇ ਵਿਦਿਆ ਦੇ ਮਹੱਤਵ ਨੂੰ ਦੇਖਦੇ ਹੋਏ ਸਕੂਲਾਂ ਦੀ ਉਸਾਰੀ ਕਰਵਾਈ ਉੱਥੇ ਹੀ ਪਸ਼ੂ, ਪੰਛੀਆਂ ਅਤੇ ਰਾਹਗੀਰਾਂ ਦੀ ਸਹੂਲਤ ਲਈ ਇਸ ਡੂੰਘੀ ਖੂਹੀ ਦੀ ਉਸਾਰੀ ਵੀ ਕਰਵਾਈ ਸੀ। ਉਹਨਾਂ ਦੱਸਿਆ ਕਿ ਇਹ ਖੂਹੀ ਭਗਤ ਜਵਾਲਾ ਦਾਸ ਨੇ ਆਪਣੇ ਹੱਥੀਂ ਉਸਾਰੀ ਸੀ ਅਤੇ ਇੱਥੇ ਬੈਠ ਕੇ ਤੱਪਸਿਆ ਕੀਤੀ ਤੇ ਸਕੂਲੀ ਦੀ ਉਸਾਰੀ ਵੀ ਇਸੇ ਖੂਹੀ ਦੇ ਨਜਦੀਕ ਆਪਣੇ ਹੱਥੀਂ ਲਗਾਏ ਪਿੱਪਲ ਦੇ ਦਰੱਖਤ ਦੀ ਛਾਂਵੇਂ ਬੈਠ ਕੇ ਹੀ ਕਰਵਾਈ ਸੀ। ਪਿੰਡ ਦੇ ਇਤਿਹਾਸ ਨਾਲ ਜੁੜੀ ਹੋਈ ਹੈ ਪਰ ਦੇਖਭਾਲ ਨਾ ਹੋਣ ਕਰਕੇ ਇਸ ਦੀ ਹਾਲਤ ਬਹੁਤ ਤਰਸਯੋਗ ਹੈ ਜਿਸਦਾ ਸੁੰਦਰੀਕਰਣ ਕੀਤਾ ਜਾਵੇ ਤਾਂ ਆਉਣ ਵਾਲੀਆਂ ਨਸਲਾਂ ਲਈ ਇਕ ਯਾਦਗਾਰ ਬਣ ਸਕਦੀ ਹੈ। ਖੂਹੀ ਦੇ ਆਲੇ ਦੁਆਲੇ ਇੰਟਰਲਾਕ ਟਾਇਲਾਂ ਦਾ ਫਰਸ਼ ਲਗਾਇਆ ਜਾਵੇਗਾ। ਖੂਹੀ ਦੀ ਉਸਾਰੀ ਨਾਨਕਸ਼ਾਹੀ ਇੱਟਾਂ ਦੇ ਨਾਲ ਕੀਤੀ ਜਾਵੇਗੀ ਅਤੇ ਪਿੱਪਲ ਦੇ ਦਰੱਖਤ ਦੇ ਆਲੇ ਦੁਆਲੇ ਵੀ ਚਾਰਦੀਵਾਰੀ ਕਰਵਾਈ ਜਾਵੇਗੀ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਇਸ ਖੂਹੀ ਦੀ ਕਾਰਸੇਵਾ ਵਿਚ ਵੱਧ ਤੋਂ ਵੱਧ ਆਰਥਕ ਸਹਿਯੋਗ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਕਮੇਟੀ ਸਕੱਤਰ ਸਰਬਜੀਤ ਸਿੰਘ ਢੱਡਵਾਲ, ਮਨੀਸ਼ ਜਸੂਜਾ ਪ੍ਰਾਇਮਰੀ ਸਕੂਲ ਇੰਚਾਰਜ ਬੇਗਮਪੁਰ, ਮੈਡਮ ਕ੍ਰਿਤਿਕਾ, ਮਨਜੀਤ ਸਿੰਘ ਜਸਵਾਲ, ਜਸਬੀਰ ਸਿੰਘ, ਮੈਡਮ ਬਿੰਦੀਆ ਲੱਖਪੁਰ, ਜਗਦੇਵ ਸਿੰਘ ਚੀਮਾ, ਸਤਪਾਲ ਦਾਦਰਾ, ਸਤਵੰਤ ਸਿੰਘ ਕਲਰਕ, ਮੇਹਰ ਚੰਦ, ਲਾਲਾ ਚਮਨ ਲਾਲ, ਮੇਜਰ ਸਿੰਘ ਆਦਿ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।