ਨਸ਼ਿਆਂ ਨੂੰਨਾਂਹਕਹਿਣਾ ਹੀ ਇਸ ਦਲਦਲ ਵਿੱਚੋਂ ਨਿਕਲਣ ਦਾ ਗੁਰ ਮੰਤਰ : ਸੀਜੇਐਮ ਸ਼੍ਰੀਮਤੀ ਅਪਰਾਜਿਤਾ ਜੋਸ਼ੀ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ ਦੀ ਪ੍ਰਧਾਨਗੀ  ਹੇਠ ਜਿਲਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵੱਲੋਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਨਸ਼ਾਖੋਰੀ ਅਤੇ ਇਸਦੇ ਇਲਾਜ ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਏਐਨਐਮ ਟ੍ਰੇਨਿੰਗ ਸਕੂਲ ਵਿਖੇ ਕੀਤੇ ਗਏ, ਇਸ ਸੈਮੀਨਾਰ ਵਿਚ ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਅਪਰਾਜਿਤਾ ਜੋਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਮੈਡੀਕਲ ਅਫਸਰ ਡਾ.ਸਾਹਿਲਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਪ੍ਰਿੰਸੀਪਲ ਤ੍ਰਿਸ਼ਲਾ ਦੇਵੀ, ਸ਼ੋਸ਼ਲ ਵਰਕਰ  ਡਾ.ਸੁਖਪ੍ਰੀਤ, ਕਾਊਂਸਲਰ ਸੰਦੀਪ ਕੁਮਾਰੀ ਤੇ ਪ੍ਰਸ਼ਾਂਤ ਕੁਮਾਰ ਅਤੇ ਐਡਵੋਕੇਟ ਆਰਤੀ ਸ਼ਰਮਾ ਤੇ ਅਨੀਤਾ ਕੁਮਾਰੀ ਵੀ ਸ਼ਾਮਿਲ ਹੋਏ ਅਤੇ ਨਸ਼ਾਖੋਰੀ ਖਿਲਾਫ ਮੁਹਿੰਮ ਬਾਰੇ  ਵਿਦਿਆਰਥਣਾਂ ਨਾਲ ਜਾਣਕਾਰੀ ਸਾਂਝੀ ਕੀਤੀ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਜੇਐਮ ਸ੍ਰੀਮਤੀ ਅਪਰਾਜਿਤਾ ਜੋਸ਼ੀ ਨੇ “ਪੰਜਾਬ ਨਸ਼ੇ ਦੇ ਖਿਲਾਫ-ਕਾਨੂੰਨੀ ਸੇਵਾਵਾਂ ਦੀ ਪਹਿਲਕਦਮੀ” ਵਿਸ਼ੇ ਤੇ ਬੋਲਦਿਆਂ ਨਸ਼ਿਆਂ ਖਿਲਾਫ ਇਸ ਮੁਹਿੰਮ ਵਿੱਚ ਮਿਲਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਅਤੇ ਸੇਵਾਵਾਂ ਲੈਣ ਦੇ ਹੱਕਦਾਰਾਂ ਬਾਰੇ ਵਿਸਥਾਰਪੂਰਣ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਸਾਂਝੇ ਤੌਰ ਉਪਰਾਲਿਆਂ ਦੀ ਲੋੜ ਹੈ। ਆਪਣੀ ਲੜਾਈ ਸਾਨੂੰ ਆਪ ਲੜਣੀ ਪੈਣੀ ਤਾਂ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਬਚਾ ਸਕੀਏ। ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਆਪਣੇ ਕਦਮਾਂ ਨੂੰ ਰੋਕ ਲਈਏ, ਜਿੰਦਗੀ ਬਹੁਤ ਕੀਮਤੀ ਹੈ। ਇਸ ਨੂੰ ਨਸ਼ਿਆਂ ਵਿੱਚ ਨਾ ਰੋਲੀਏ। ਨਸ਼ਿਆਂ ਨੂੰ ‘ਨਾਂਹ’ ਕਹਿਣਾ ਹੀ ਇਸ ਦਲਦਲ ਵਿੱਚੋਂ ਨਿਕਲਣ ਦਾ ਗੁਰ ਮੰਤਰ ਹੈ ।

ਡੀਐਮਸੀ ਡਾ.ਹਰਬੰਸ ਕੌਰ ਨੇ ਸੀਜੇਐਮ ਮੈਡਮ ਨੂੰ ਜੀ ਆਇਆਂ ਆਖਿਆ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਿਰਫ ਇੱਕ ਬੰਦੇ ਦਾ ਹੀ ਨਹੀਂ ਸਗੋਂ ਸਾਰੇ ਪਰਿਵਾਰ ਦਾ ਜੀਵਨ ਬਰਬਾਦ ਕਰ ਦਿੰਦਾ ਹੈ। ਇਹ ਇੱਕ ਮਾਨਸਿਕ ਬੀਮਾਰੀ ਹੈ ਜਿਸ ਨੂੰ ਸਹੀ ਇਲਾਜ ਨਾਲ ਹਮੇਸ਼ਾ ਲਈ ਛੱਡਿਆ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ-ਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।

ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ। ਇਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਭਵਿੱਖਤ ਪੀੜੀ ਨੂੰ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ। ਐਡਵੋਕੇਟ ਆਰਤੀ ਸ਼ਰਮਾ ਨੇ ਕਿਹਾ ਕਿ ਨੋਜਵਾਨ ਪੀੜੀ ਲਚਰਤਾ, ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਦਲਦਲ ਵਿੱਚ ਫੱਸਦੀ ਜਾ ਰਹੀ ਹੈ। ਜਿਸਦੇ ਨਾਲ ਸਿਹਤ ਅਤੇ ਹੋਰ ਸਮਾਜਿਕ ਕਦਰਾਂ ਕੀਮਤਾ ’ਚ ਗਿਰਾਵਟ ਆ ਰਹੀ ਹੈ। ਉਨ੍ਹਾਂ ਵਨ ਸਟਾਪ ਸੈਂਟਰ ਵਿੱਚ ਦਿੱਤੀਆਂ ਜਾਂਦੀਆਂ ਮੁਫਤ ਸਹਾਇਤਾ ਬਾਰੇ ਦੱਸਿਆ।ਕਾਊਂਸਲਰ ਸੰਦੀਪ ਕੁਮਾਰੀ ਨੇ ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਯਤਨ ਕਰੇ।  ਡਾ.ਸੁਖਪ੍ਰੀਤ ਨੇ ਨਸ਼ਾਖੋਰੀ ਲਈ ਇਸਤੇਮਾਲ ਕੀਤੇ ਜਾਂਦੇ ਨਸ਼ਿਆਂ ਬਾਰੇ ਚਾਨਣਾ ਪਾਇਆ। ਕਾਊਂਸਲਰ ਪ੍ਰਸ਼ਾਂਤ ਵੱਲੋਂ ਸਿਹਤ ਵਿਭਾਗ ਵੱਲੋਂ ਨਸ਼ਾ ਮੁਕਤੀ ਲਈ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਦੱਸਿਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸੈਮੀਨਾਰ ਦੌਰਾਨ ਏਐਨਐਮ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ ਅਤੇ ‘ਆਓ ਰਲ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ’ ਦਾ ਨਾਅਰਾ ਲਾਉਂਦੇ ਮੁਹਿੰਮ ਦਾ ਹਿੱਸਾ ਬਣਨ ਦਾ ਭਰੋਸਾ ਦਿੱਤਾ ਗਿਆ।