ਫਗਵਾੜਾ, (ਸ਼ਿਵ ਕੋੜਾ): ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਫਗਵਾੜਾ ਦੇ ਨੇੜਲੇ ਦਰਵੇਸ਼ ਪਿੰਡ ਵਿੱਚ ਪੰਚਾਇਤ ਵੱਲੋਂ ਸਰਪੰਚ ਭੁਪਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਖੇਡ ਕਿੱਟਾਂ ਵੰਡੀਆਂ ਗਈਆਂ। ਕਿੱਟਾਂ ਦੀ ਵੰਡ ਦੀ ਆਰੰਭਤਾ ‘ਆਪ’ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਨੇ ਕਰਵਾਈ। ਉਨ੍ਹਾਂ ਪੰਚਾਇਤ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲੋਕ ਭਲਾਈ ਦੇ ਕੰਮਾਂ ਵਿੱਚ ਪ੍ਰਵਾਸੀ ਭਾਰਤੀ ਹਮੇਸ਼ਾ ਸਰਗਰਮੀ ਨਾਲ ਯੋਗਦਾਨ ਪਾਉਂਦੇ ਹਨ। ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਕਰਸ਼ਿਤ ਕਰਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਸੂਬੇ ਨੂੰ ਖੇਡਾਂ ਵਿੱਚ ਪਹਿਲੇ ਸਥਾਨ ’ਤੇ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ‘ਆਪ’ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਯਤਨਾਂ ਸਦਕਾ ਪੇਂਡੂ ਪੱਧਰ ’ਤੇ ਪਾਰਕਾਂ ਵਿਚ ਓਪਨ ਜਿੰਮ ਸਥਾਪਿਤ ਕੀਤੇ ਗਏ ਹਨ ਤਾਂ ਜੋ ਨੌਜਵਾਨਾਂ ਨੂੰ ਕਸਰਤ ਰਾਹੀਂ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਖੇਡ ਕਲੱਬਾਂ ਨੂੰ ਹਰ ਸੰਭਵ ਸਹਾਇਤਾ ਦੇ ਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਹਾਜ਼ਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀ ਬੁਰਾਈ ਤੋਂ ਹਮੇਸ਼ਾ ਦੂਰ ਰਹਿਣ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਦਿਆਂ ਆਪਣੀ ਰੁਚੀ ਅਨੁਸਾਰ ਖੇਡਾਂ ਨੂੰ ਅਪਨਾਉਣ ਕਿਉਂਕਿ ਅਜੋਕੇ ਸਮੇਂ ਵਿੱਚ ਚੰਗੇ ਖਿਡਾਰੀਆਂ ਲਈ ਖੇਡਾਂ ਵਿੱਚ ਆਪਣਾ ਕਰੀਅਰ ਬਣਾਉਣ ਦੇ ਵਧੀਆ ਮੌਕੇ ਉਪਲਬਧ ਹਨ ਜਿਸ ਨਾਲ ਨਾ ਸਿਰਫ਼ ਸ਼ੋਹਰਤ ਹਾਸਲ ਕੀਤੀ ਜਾ ਸਕਦੀ ਹੈ ਸਗੋਂ ਆਪਣੇ ਭਵਿੱਖ ਨੂੰ ਵਿੱਤੀ ਤੌਰ ’ਤੇ ਵੀ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਸ ਮੌਕੇ ਪੰਚਾਇਤ ਮੈਂਬਰ ਅਮਰੀਕ ਸਿੰਘ ਮੀਕਾ, ਸਿਮਰਨ ਕੁਮਾਰ, ਸੋਹਣ ਲਾਲ, ਸੁਰਜੀਤ ਕੁਮਾਰ, ਰਾਜਵਿੰਦਰ ਕੌਰ, ਸੰਨੀ, ਰੂਪ ਲਾਲ ਝੱਲੀ,ਤੀਰਥ ਰਾਮ,ਮੁਨੀਸ਼ ਕੁਮਾਰ, ਗੋਪੀ ਮੱਟੂ, ਪ੍ਰਿੰਸ ਮੱਟੂ ਆਦਿ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।