ਫਗਵਾੜਾ,(ਸ਼ਿਵ ਕੋੜਾ): ਚਉਸਾਰੂ ਸਾਹਿਤ ਅਤੇ ਸਾਫ ਸੁਥਰੇ ਸਮਾਜ ਲਈ ਕਾਰਜਸ਼ੀਲ ਜੱਥੇਬੰਦੀ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵਲੋਂ ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਅਤੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਦੀ ਸਾਂਝੀ ਅਗਵਾਈ ਹੇਠ ਸਥਾਨਕ ਵਰਿੰਦਰ ਪਾਰਕ ਵਿਖੇ ਛਾਂਦਾਰ, ਫਲਦਾਰ ਅਤੇ ਫੁੱਲਾਂ ਵਾਲੇ ਬੂਟੇ ਲਗਾ ਕੇ ਮੁਹਿਮ ਦਾ ਸੁਚੱਜੇ ਢੰਗ ਨਾਲ ਸ਼ਾਨਦਾਰ ਆਗਾਜ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਵਣ ਰੇਂਜ ਅਫਸਰ, ਜੰਗਲਾਤ ਵਿਭਾਗ ਅਤੇ ਤੀਰਥ ਸਿੰਘ ਬਲਾਕ ਅਫਸਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਬੂਟੇ ਲਗਾਉਣ ਦੀ ਮੁਹਿਮ ਦੀ ਆਰੰਭਤਾ ਕਰਵਾਈ। ਉਹਨਾਂ ਜੱਥੇਬੰਦੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਵਲੋਂ ਵੱਖ ਵੱਖ ਜਨਤਕ ਥਾਵਾਂ, ਸਕੂਲਾਂ, ਕਾਲਜਾਂ, ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਵੱਡੀ ਪੱਧਰ ‘ਤੇ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਅਤੇ ਦਰਖ਼ਤਾਂ ਦੇ ਮਹੱਤਵ ਪ੍ਰਤੀ ਜਾਗਰੁਕਤਾ ਲਿਆਉਣ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਕੁਦਰਤੀ ਆਫਤਾਂ ਤੋਂ ਬਚਾਅ ਲਈ ਦਰਖ਼ਤ ਬਹੁਤ ਜਰੂਰੀ ਹਨ। ਵਣ ਵਿਭਾਗ ਦੇ ਅਧਿਕਾਰੀਆਂ ਨੇ ਬੂਟੇ ਲਗਾਉਣ ਦੀ ਇਸ ਮੁਹਿਮ ਵਿਚ ਵੱਧ ਤੋਂ ਵੱਧ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਸ਼ਹਿਰੀਕਰਣ ਅਤੇ ਉਦਯੋਗਾਂ ਨੂੰ ਵਧਾਉਣ ਲਈ ਦਰਖ਼ਤਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ, ਉਸ ਨਾਲ ਧਰਤੀ ਦਾ ਵਾਤਾਵਰਣ ਖਤਰੇ ਵਿਚ ਆ ਗਿਆ ਹੈ। ਇਸ ਲਈ ਵੱਧ ਤੋਂ ਵੱਧ ਦਰਖਤ ਲਗਾਉਣਾ ਅੱਜ ਸਮੇਂ ਦੀ ਲੋੜ ਹੈ। ਉਹਨਾਂ ਦੱਸਿਆ ਕਿ ਇਸ ਮੁਹਿਮ ਤਹਿਤ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਵੱਡੀ ਪੱਧਰ ‘ਤੇ ਬੂਟੇ ਲਗਾਏ ਜਾਣਗੇ। ਚੇਅਰਮੈਨ ਜਤਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਗੁਰਨਾਮ ਸਿੰਘ ਅਤੇ ਹਰਵਿੰਦਰ ਸਿੰਘ ਸਨ। ਕੇਂਦਰ ਵਲੋਂ ਵਣ ਰੇਂਜ ਅਫਸਰ ਹਰਜੀਤ ਸਿੰਘ ਅਤੇ ਬਲਾਕ ਅਫਸਰ ਤੀਰਥ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਸਨਮਾਨਤ ਵੀ ਕੀਤਾ ਗਿਆ।