ਲੋਕਾਂ ਵੱਲੋਂ ਦਿੱਤਾ ਪੂਰਣ ਸਹਿਯੋਗ ਹੀ ਡੇਂਗੂ ਤੋਂ ਬਚਾਅ ਸਕਦਾ ਹੈ:  ਡਾ.ਬਲਵਿੰਦਰ ਕੁਮਾਰ ਡਮਾਣਾ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਡੇਂਗੂ ਦੇ ਵੱਧਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਸ਼ਹਿਰੀ ਖੇਤਰ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਕਮਾਨ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਖੁਦ ਸੰਭਾਲੀ ਗਈ। ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਡੇਂਗੂ ਜਾਗਰੂਕਤਾ ਲਈ ਰਿਕਸ਼ਾ ਰੈਲੀ ਵੀ ਕੱਢੀ ਗਈ, ਜਿਸ ਨੂੰ ਸਿਵਲ ਸਰਜਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜਾਗਰੂਕਤਾ ਰੈਲੀ ਦੌਰਾਨ ਉਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਅਨੀਤਾ ਦਾਦਰਾ, ਡਾ.ਸ਼ੈਲਾ ਮਹਿਤਾ ਜਿਲ੍ਹਾ ਡੈਂਟਲ ਸਿਹਤ ਅਫਸਰ, ਸੀਨੀਅਰ ਮੈਡੀਕਲ ਅਫਸਰ ਇੰ ਸਿਵਲ ਹਸਪਤਾਲ ਡਾ.ਸਵਾਤੀ ਸ਼ੀਮਾਰ, ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ, ਜਿਲ੍ਹਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ, ਐਪੀਡਿਮੋਲੇਜਿਸਟ ਡਾ.ਸੈਲੇਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ,  ਏਐਮਓ ਗੋਪਾਲ ਸਰੂਪ, ਏ.ਐਮ.ਓ ਰਾਜਦਵਿੰਦਰ ਸਿੰਘ, ਐਚਆਈ ਤਰਸੇਮ ਸਿੰਘ, ਵਿਸ਼ਾਲ ਪੁਰੀ ਤੇ ਜਸਵਿੰਦਰ ਸਿੰਘ ਵੱਲੋਂ ਸਹਿਯੋਗ ਕੀਤਾ ਗਿਆ। ਡੇਂਗੂ ਦੀ ਰੋਕਥਾਮ ਸੰਬੰਧੀ ਪੈਂਫਲੈਟ ਵੀ ਵੰਡਦੇ ਹੋਏ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਇਸ ਉਪਰੰਤ ਡੇਂਗੂ ਗਤੀਵਿਧੀਆਂ ਤਹਿਤ ਸਿਵਲ ਸਰਜਨ ਵੱਲੋਂ ਐਂਟੀ ਲਾਰਵਾ ਟੀਮ ਦੇ ਸਹਿਯੋਗ ਨਾਲ ਇਸਲਾਮਾਬਾਦ ਵਾਰਡ ਨੰ 8 ਦੇ ਘਰਾਂ ਵਿੱਚ ਡੇਂਗੂ ਦਾ ਲਾਰਵਾ ਸੰਬੰਧੀ ਚੈਕਿੰਗ ਕੀਤੀ ਗਈ।ਡੇਂਗੂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਡਾ ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਅਤੇ ਇਸਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਜਰੂਰੀ ਹੈ ਕਿ ਲੋਕ ਖੁਦ ਇਸ ਪ੍ਰਤੀ ਜਾਗਰੂਕ ਹੋਣ, ਮੱਛਰ ਪੈਦਾ ਕਰਨ ਵਾਲੇ ਹਾਲਾਤ ਖਤਮ ਕੀਤੇ ਜਾਣ ਅਤੇ ਖੜ੍ਹੇ ਪਾਣੀ ਦੇ ਸੋਮਿਆਂ ਦੀ ਸਾਫ ਸਫਾਈ ਵੱਲ ਧਿਆਨ ਦੇਣ, ਤਦ ਹੀ ਡੇਂਗੂ ਦੀ ਰੋਕਥਾਮ ਹੋਵੇਗੀ। ਲੋਕਾਂ ਵੱਲੋਂ ਦਿੱਤਾ ਪੂਰਣ ਸਹਿਯੋਗ ਹੀ ਇਸ ਤੋਂ ਬਚਾਅ ਸਕਦਾ ਹੈ। ਲੋਕਾਂ ਵੱਲੋਂ ਦਿੱਤੇ ਜਾਣ ਵਾਲੇ ਸਹਿਯੋਗ ਆਪਣੇ ਘਰ ਵਿੱਚ ਪਾਣੀ ਦੇ ਹਰ ਛੋਟੇ ਤੋਂ ਛੋਟੇ ਤੇ ਵੱਡੇ ਸਰੋਤ ਨੂੰ ਹਫ਼ਤੇ ਵਿਚ ਇਕ ਵਾਰ ਜਰੂਰ ਖਾਲੀ ਕਰਕੇ ਸੁਖਾ ਕੇ ਫਿਰ ਭਰਿਆ ਜਾਵੇ। ਬੁਖਾਰ ਹੋਣ ਦੀ ਸੂਰਤ ਵਿਚ ਜਲਦ ਤੋਂ ਜਲਦ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ। ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਐਂਟੀ ਲਾਰਵਾ ਟੀਮਾਂ ਵੱਲੋਂ ਦੁਕਾਨਾਂ, ਦਫਤਰਾਂ ਅਤੇ ਸਕੂਲਾਂ ਸਮੇਤ 221 ਘਰਾਂ ਦੀ ਜਾਂਚ ਕੀਤੀ ਗਈ। ਜਿਹਨਾਂ ਵਿਚੋਂ 5 ਥਾਵਾਂ ‘ਤੇ ਲਾਰਵਾ ਪਾਇਆ ਗਿਆ। ਐਂਟੀ ਲਾਰਵਾ ਟੀਮ ਵੱਲੋਂ ਮੱਛਰਾਂ ਦੇ ਲਾਰਵਾ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ। ਨਗਰ ਨਿਗਮ ਦੇ ਟੀਮ ਮੈਂਬਰਾਂ ਵੱਲੋਂ 3 ਚਲਾਨ ਵੀ ਕੱਟੇ ਗਏ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਹੁਣ ਤੱਕ 1095 ਡੇਂਗੂ ਅਤੇ 132 ਚਿਕਨਗੁਨੀਆ ਦੇ ਕੇਸ ਸਾਹਮਣੇ ਆਏ ਹਨ ਅਤੇ ਰੋਜ਼ਾਨਾ ਡੇਂਗੂ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ । ਇਸ ਦਾ ਮੁੱਖ ਕਾਰਨ ਹੈ ਘਰਾਂ ਵਿੱਚ ਮੱਛਰ ਦੀ ਪੈਦਾਵਾਰ। ਸਿਹਤ ਟੀਮਾਂ ਵਲੋਂ ਬਾਰ ਬਾਰ ਹਦਾਇਤਾਂ ਕੀਤੀਆਂ ਜਾਣ ਦੇ ਬਾਵਜੂਦ ਵਾਰ-ਵਾਰ ਘਰਾਂ ਵਿੱਚ ਮੱਛਰਾਂ ਦਾ ਲਾਰਵਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਡੇਂਗੂ ਤੇ ਕੰਟਰੋਲ ਸੰਭਵ ਨਹੀਂ ਹੋਵੇਗਾ।

 

Previous articleभगवान वाल्मीकि जी का प्रकाशोत्सव संबंधी निकाली भव्य शोभायात्रा
Next articleस्कूल मे करवाए गए कर्यक्रम की झलकिया