ਡੇਂਗੂ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਤੇਜ਼ 

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਦੀ ਯੋਗ ਅਗਵਾਈ ਹੇਠ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਜਿਵੇਂ ਨਵੀਂ ਅਬਾਦੀ, ਕਮਾਲਪੁਰ, ਰਾਮ ਨਗਰ, ਪ੍ਰਲ੍ਹਾਦ ਨਗਰ, ਮੌਲਵੀਆਂ ਮੁਹੱਲਾ ਦੇ ਘਰਾਂ ਵਿੱਚ ਸਰਵੇ ਕੀਤਾ ਗਿਆ। ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਵਿਜਿਟ ਦੌਰਾਨ ਕੁੱਲ 491 ਘਰਾਂ ਦੀ ਜਾਂਚ ਕੀਤੀ ਗਈ। ਜਿਹਨਾਂ ਵਿਚੋਂ 10 ਥਾਵਾਂ ‘ਤੇ ਲਾਰਵਾ ਪਾਇਆ ਗਿਆ, ਜਿਸ ਨੂੰ ਟੀਮ ਵਲੋਂ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਮੁਨਿਸੀਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ 2 ਚਾਲਾਨ ਵੀ ਕੱਟੇ ਗਏ।ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਜ਼ਿਲੇ ‘ਚ ਰੋਜ਼ਾਨਾ ਡੇਂਗੂ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਜਿਲ੍ਹੇ ਵਿੱਚ 999 ਡੇਂਗੂ ਦੇ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 276 ਹੁਸ਼ਿਆਰਪੁਰ ਸ਼ਹਿਰੀ ਖੇਤਰ ਦੇ ਹਨ। ਇਸ ਦਾ ਮੁੱਖ ਕਾਰਨ ਹੈ ਘਰਾਂ ਵਿੱਚ ਮੱਛਰ ਦੀ ਪੈਦਾਵਾਰ। ਸਿਹਤ ਟੀਮਾਂ ਵਲੋਂ ਬਾਰ ਬਾਰ ਹਦਾਇਤਾਂ ਕੀਤੀਆਂ ਜਾਣ ਦੇ ਬਾਵਜੂਦ ਘਰਾਂ ਵਿੱਚ ਮੱਛਰਾਂ ਦਾ ਲਾਰਵਾ ਮਿਲ ਰਿਹਾ ਹੈ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਡੇਂਗੂ ਤੇ ਕੰਟਰੋਲ ਸੰਭਵ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਬਾਲਗ ਮੱਛਰ ਲਈ ਡੇਂਗੂ ਦੇ ਕੇਸਾਂ ਦੀ ਕਲੱਸਟਰ ਵਿਚ ਫੌਗਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਲਾਰਵਾ ਦੇ ਸਰੋਤਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਡੇਂਗੂ ਤੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਡੇਂਗੂ ਪ੍ਰਤੀ ਹਰ ਇਕ ਨਾਗਰਿਕ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਆਪਣੇ ਘਰ ਵਿੱਚ ਪਾਣੀ ਦੇ ਹਰ ਛੋਟੇ ਤੋਂ ਛੋਟੇ ਤੇ ਵੱਡੇ ਸਰੋਤ ਨੂੰ ਹਫ਼ਤੇ ਵਿਚ ਇਕ ਵਾਰ ਜਰੂਰ ਖਾਲੀ ਕਰਕੇ ਸੁਖਾ ਕੇ ਫੇਰ ਭਰਿਆ ਜਾਵੇ। ਬੁਖਾਰ ਹੋਣ ਦੀ ਸੂਰਤ ਵਿਚ ਜਲਦ ਤੋਂ ਜਲਦ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ ।