ਜ਼ੈਡਐਲਏ ਅਤੇ ਡੀਸੀ ੳਜ਼ ਨਾਲ ਸਿਵਲ ਸਰਜਨ ਨੇ ਕੀਤੀ ਵਿਸ਼ੇਸ਼ ਬੈਠਕ
ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ ): ਸਿਵਲ ਸਰਜਨ ਡਾ.ਸੀਮਾ ਗਰਗ ਦੀ ਪ੍ਰਧਾਨਗੀ ਹੇਠ ਲੋਕਾਂ ਨੂੰ ਸੁਰੱਖਿਅਤ, ਅਸਲੀ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਉਣ ਲਈ ਅੱਜ ਦਫਤਰ ਸਿਵਲ ਸਰਜਨ ਵਿਖੇ ਜ਼ੋਨਲ ਲਾਇਸੈਂਸ ਅਥਾਰਿਟੀ ਅਤੇ ਡਰੱਗ ਕੰਟਰੋਲ ਅਫਸਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਅੰਦਰ ਦਵਾਈਆਂ ਦੀ ਵਿਕਰੀ ਅਤੇ ਨਿਯਮਾਂ ਦੀ ਪਾਲਣਾ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਜ਼ੈਡ.ਐਲ.ਏ ਬਲਰਾਮ ਲੁਥਰਾ, ਡਰੱਗ ਕੰਟਰੋਲ ਅਫਸਰ ਗੁਰਜੀਤ ਸਿੰਘ ਰਾਣਾ ਅਤੇ ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਹਾਜ਼ਰ ਹੋਏ। ਬੈਠਕ ਦੌਰਾਨ ਡਾ.ਸੀਮਾ ਗਰਗ ਨੇ ਕਿਹਾ ਕਿ ਡੱਰਗ ਟੀਮ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਰਿਟੇਲਰਾਂ ਅਤੇ ਹੋਲਸੇਲਰਾਂ ਵਲੋਂ ਮੈਡੀਕਲ ਸਟੋਰਾਂ ਤੇ ਐਮ.ਟੀ.ਪੀ ਕਿਟਾਂ ਬਿਨਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਵਗੈਰ ਨਾ ਵੇਚੀਆਂ ਜਾਣ। ਸਭ ਰਿਟੇਲਰ ਅਤੇ ਹੋਲਸੇਲਰ ਦਵਾਈਆਂ ਸਿਰਫ਼ ਵੈਧ ਨੁਸਖ਼ੇ (ਪ੍ਰਿਸਕ੍ਰਿਪਸ਼ਨ) ਦੇ ਅਧਾਰ ‘ਤੇ ਹੀ ਵੇਚਣ। ਉਹ ਕਿਸੇ ਵੀ ਕਿਸਮ ਦੀ ਨਕਲੀ, ਮਿਆਦ-ਪੂਰੀ ਹੋਈ ਜਾਂ ਘਟੀਆ ਗੁਣਵੱਤਾ ਵਾਲੀ ਦਵਾਈ ਨਾ ਵੇਚਣ ਤੇ ਨਾ ਹੀ ਰੱਖਣ ਅਤੇ ਖਰੀਦ-ਫਰੋਖ਼ਤ ਤੇ ਸਟਾਕ ਦਾ ਪੂਰਾ ਰਿਕਾਰਡ ਰੱਖਣ। ਉਨਾਂ ਕਿਹਾ ਕਿ ਦਵਾਈਆਂ ਦੀ ਪ੍ਰਭਾਵਸ਼ੀਲਤਾ ਬਣਾਈ ਰੱਖਣ ਲਈ ਰਿਟੇਲਰ ਅਤੇ ਹੋਲਸੇਲਰ ਨਿਰਧਾਰਤ ਤਰੀਕੇ ਨਾਲ ਦਵਾਈਆਂ ਦੀ ਸੰਭਾਲ ਕਰਨ ਅਤੇ ਨਾਲ ਹੀ ਆਪਣੇ ਸਥਾਨ ‘ਤੇ ਲਾਇਸੈਂਸ ਸਪੱਸ਼ਟ ਤੌਰ ‘ਤੇ ਲਗਾਉਣ।ਉਨਾਂ ਹਾਜ਼ਰ ਜ਼ੋਨਲ ਲਾਇਸੈਂਸ ਅਥਾਰਿਟੀ ਨੂੰ ਹਦਾਇਤ ਕੀਤੀ ਕਿ ਉਹ ਨਿਯਮਿਤ ਤੌਰ ਤੇ ਰਿਟੇਲਰਾਂ ਅਤੇ ਹੋਲਸੇਲਰਾਂ ਦਵਾਈ ਵਿਕਰੇਤਾਵਾਂ ਦੀ ਸਮੇਂ ਸਮੇਂ ਤੇ ਚੈਕਿੰਗ ਕਰਨ। ਜੇਕਰ ਕਿਸੇ ਵੀ ਵਪਾਰੀ ਵੱਲੋਂ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹ ਉਸ ਖਿਲਾਫ਼ ਸਖ਼ਤ ਕਾਰਵਾਈ ਕਰਨ ਜਿਸ ਵਿੱਚ ਲਾਇਸੈਂਸ ਰੱਦ ਕਰਨ ਜਾਂ ਰੋਕਣ ਦੀ ਕਾਰਵਾਈ ਵੀ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਜ਼ਿਲ੍ਹੇ ਅੰਦਰ 10 ਬੱਲਡ ਬੈਂਕ ਹਨ ਜਿਨਾਂ ਦੀ ਡਰੱਗ ਕੰਟਰੋਲ ਅਫਸਰਾਂ ਵਲੋਂ ਹਰ ਤਿਮਾਹੀ ਵਿੱਚ ਇੱਕ ਵਾਰ ਚੈਕਿੰਗ ਜ਼ਰੂਰ ਕੀਤੀ ਜਾਵੇ। ਬੈਠਕ ਦੇ ਅੰਤ ਵਿੱਚ ਜ਼ੋਨਲ ਲਾਇਸੈਂਸ ਅਥਾਰਿਟੀ ਵਲੋਂ ਵਚਨਬੱਧਤਾ ਦੁਹਰਾਈ ਗਈ ਕਿ ਵਿਭਾਗ ਲੋਕਾਂ ਨੂੰ ਸੁਰੱਖਿਅਤ, ਅਸਲੀ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਪ੍ਰਤਿਬੱਧ ਹੈ।