ਫਗਵਾੜਾ,(ਸ਼ਿਵ ਕੋੜਾ):ਜਾਅਲੀ ਟਰੈਵਲ ਏਜੰਟਾਂ ਦੇ ਝਾਂਸੇ ‘ਚ ਆ ਕੇ ਪੰਜਾਬ ਦੇ ਨੌਜਵਾਨਾਂ ਤੇ ਔਰਤਾਂ ਦਾ ਵਿਦੇਸ਼ਾਂ ਵਿੱਚ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਇਸ ਦੇ ਲਈ ਕਿਸੇ ਹੱਦ ਤਕ ਟਰੈਵਲ ਏਜੰਸੀਆਂ ਦੀ ਆੜ ਵਿੱਚ ਠੱਗੀ ਦਾ ਕਾਰੋਬਾਰ ਕਰ ਰਹੇ ਫਰਜ਼ੀ ਏਜੰਟਾਂ ਪ੍ਰਤੀ ਸਰਕਾਰਾਂ ਦੀ ਨਰਮੀ ਵੀ ਜ਼ਿੰਮੇਵਾਰ ਹੈ।ਤਾਜ਼ਾ ਮਾਮਲਾ ਫਗਵਾੜਾ ਦੇ ਨੇੜਲੇ ਪਿੰਡ ਨੰਗਲ ਅਤੇ ਖੇੜਾ ਦੀ ਹੈ, ਜਿੱਥੋਂ ਦੇ ਦੋ ਨੌਜਵਾਨ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਮਲੇਸ਼ੀਆ ਦੀ ਧਰਤੀ ’ਤੇ ਪੁੱਜੇ ਤਾਂ ਸਹੀ ਪਰ ਜਾਅਲੀ ਵੀਜ਼ੇ ਕਾਰਨ ਪੁਲਿਸ ਦੇ ਹੱਥੇ ਚੜ੍ਹ ਕੇ ਜੇਲ੍ਹ ‘ਚ ਕੈਦ ਹੋ ਚੁੱਕੇ ਹਨ।ਮਲੇਸ਼ੀਆ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਤਨਾਮਪੁਰਾ ਥਾਣਾ ਅਧੀਨ ਪੈਂਦੇ ਪਿੰਡ ਖੇੜਾ ਦੇ ਰਹਿਣ ਵਾਲੇ 29 ਸਾਲਾ ਨੌਜਵਾਨ ਵਿਨੋਦ ਕੁਮਾਰ ਦੇ ਪਿਤਾ ਮਥੁਰਾ ਪ੍ਰਸਾਦ ਪੁੱਤਰ ਲਾਲਾ ਪ੍ਰਸਾਦ ਨੇ ਦੱਸਿਆ ਕਿ ਉਹ ਜੇ.ਸੀ.ਟੀ ਮਿੱਲ ਫਗਵਾੜਾ ਤੋਂ ਸੇਵਾਮੁਕਤ ਹੈ। ਉਸ ਦੇ ਲੜਕੇ ਵਿਨੋਦ ਕੁਮਾਰ ਅਤੇ ਲੜਕੇ ਦੇ ਦੋਸਤ ਸੁਰਿੰਦਰਪਾਲ ਵਾਸੀ ਪਿੰਡ ਨੰਗਲ ਥਾਣਾ ਸਤਨਾਮਪੁਰਾ ਫਗਵਾੜਾ ਨੇ ਮਲੇਸ਼ੀਆ ਜਾਣ ਸਬੰਧੀ ਲੁਧਿਆਣਾ ਦੇ ਇੱਕ ਟਰੈਵਲ ਏਜੰਟ ਨਾਲ ਗੱਲਬਾਤ ਕੀਤੀ ਸੀ।ਜਿਸ ਦੇ ਬਦਲੇ ਦੋਵਾਂ ਨੇ ਏਜੰਟ ਨੂੰ ਤਿੰਨ ਲੱਖ ਰੁਪਏ ਦਿੱਤੇ ਸਨ।ਇਹ ਰਕਮ ਟਰੈਵਲ ਏਜੰਟ ਦੇ ਕਹਿਣ ’ਤੇ ਵੱਖਵੱਖ ਖਾਤਿਆਂ ’ਚ ਜਮਾਂ ਕਰਵਾਈ ਗਈ ਸੀ।ਜਿਸ ਤੋਂ ਬਾਅਦ ਬੀਤੀ 18 ਅਕਤੂਬਰ ਨੂੰ ਏਜੰਟ ਨੇ ਵਿਨੋਦ ਕੁਮਾਰ ਅਤੇ ਸੁਰਿੰਦਰਪਾਲ ਨੂੰ ਦਿੱਲੀ ਏਅਰਪੋਰਟ ਤੋਂ ਫਲਾਈਟ ’ਚ ਬਿਠਾ ਕੇ ਮਲੇਸ਼ੀਆ ਭੇਜ ਦਿੱਤਾ। ਲਾਲਾ ਪ੍ਰਸਾਦ ਨੇ ਦੱਸਿਆ ਕਿ 23 ਅਕਤੂਬਰ ਨੂੰ ਉਸ ਦੇ ਲੜਕੇ ਵਿਨੋਦ ਕੁਮਾਰ ਨੇ ਫ਼ੋਨ ’ਤੇ ਦੱਸਿਆ ਕਿ ਉਸ ਨੂੰ ਮਲੇਸ਼ੀਆ ਪੁਲਿਸ ਨੇ ਜਾਅਲੀ ਵੀਜ਼ੇ ਦੇ ਦੋਸ਼ ’ਚ ਫੜਿਆ ਹੈ ਅਤੇ ਉਹ ਦੋਵੇਂ ਉੱਥੇ ਜੇਲ੍ਹ ’ਚ ਹਨ। ਜੇਲ੍ਹ ਸਟਾਫ਼ ਨੇ ਕਈ ਵਾਰ ਦੋਵਾਂ ਲੜਕਿਆਂ ਨਾਲ ਗੱਲ ਕਰਵਾਈ ਹੈ ਪਰ ਹੁਣ ਕਈ ਦਿਨਾਂ ਤੋਂ ਲੜਕਿਆਂ ਦੇ ਫ਼ੋਨ ਨਹੀਂ ਆ ਰਹੇ। ਜਿਸ ਕਰਕੇ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਹਨ। ਉਸ ਨੇ ਦੱਸਿਆ ਕਿ ਜਦੋਂ ਇਸ ਬਾਰੇ ਟਰੈਵਲ ਏਜੰਟ ਨੂੰ ਦੱਸਿਆ ਤਾਂ ਉਸ ਨੇ ਸਾਫ ਕਹਿ ਦਿੱਤਾ ਕਿ ਲੜਕਿਆਂ ਨੂੰ ਮਲੇਸ਼ੀਆ ਲਿਜਾਣਾ ਉਸ ਦਾ ਕੰਮ ਸੀ ਪਰ ਹੁਣ ਜੇਲ੍ਹ ਤੋਂ ਰਿਹਾਅ ਕਰਵਾਉਣਾ ਉਸ ਦੀ ਜ਼ਿੰਮੇਵਾਰੀ ਨਹੀਂ ਹੈ। ਹਾਲਾਂਕਿ ਯਸ਼ ਨਾਮ ਦਾ ਉਕਤ ਏਜੰਟ ਖੁਦ ਮਲੇਸ਼ੀਆ ’ਚ ਮੌਜੂਦ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਕੇਂਦਰੀ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਤੋਂ ਪੁਰਜ਼ੋਰ ਮੰਗ ਹੈ ਕਿ ਦੋਵੇਂ ਲੜਕਿਆਂ ਨੂੰ ਮਲੇਸ਼ੀਆ ਦੀ ਜੇਲ੍ਹ ਵਿੱਚੋਂ ਰਿਹਾਅ ਕਰਵਾ ਕੇ ਸਹੀ ਸਲਾਮਤ ਦੇਸ਼ ਵਾਪਸ ਲਿਆਂਦਾ ਜਾਵੇ ਅਤੇ ਫਰਜ਼ੀ ਟਰੈਵਲ ਏਜੰਸੀਆਂ ਚਲਾਉਣ ਵਾਲੇ ਏਜੰਟਾਂ ਅਤੇ ਉਨ੍ਹਾਂ ਦੇ ਦਲਾਲਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਪੀੜਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਐਸਐਸਪੀ ਕਪੂਰਥਲਾ ਨੂੰ ਡਾਕ ਰਾਹੀਂ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਹੈ।