ਦਸੂਹਾ,(ਰਾਜਦਾਰ ਟਾਇਮਸ): ਜੇ.ਸੀ ਡੀ.ਏ.ਵੀ ਕਾਲਜ ਵਿਖੇ ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਯੁਵਕ ਸੇਵਾਵਾ ਵਿਭਾਗ ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਰਵੀਪਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਰੈਡ ਰੀਬਨ ਕਲੱਬਾਂ ਦੀ ਜਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਦੇ ਮੁੱਖ ਮਹਿਮਾਨ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਸਨ। ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਨਰਿੰਦਰਜੀਤ ਸਿੰਘ ਦੁਆਰਾ ਸਹਾਇਕ ਡਾਇਰੈਕਟਰ ਰਵੀਪਾਲ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਅਤੇ ਵਲੰਟੀਅਰਾਂ ਨੇ ਸਿਰਕਤ ਕੀਤੀ। ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਵੀ ਪਾਲ ਦੁਆਰਾ ਇਸ ਪ੍ਰੋਗਰਾਮ ਦੇ ਆਯੋਜਨ ਦੇ ਉਦੇਸ਼ਾਂ ਉੱਤੇ ਚਾਨਣਾ ਪਾਉਂਦੇ ਹੋਏ ਦਿਨ ਪ੍ਰਤੀ ਦਿਨ ਨਸ਼ਿਆਂ ਦੇ ਵੱਧ ਰਹੇ ਰੁਝਾਨਾਂ ਉੱਤੇ ਚਿੰਤਾ ਜਾਹਰ ਕਰਦੇ ਹੋਏ ਸਮੂਹ ਅਧਿਆਪਕ ਸਾਹਿਬਾਨਾਂ ਅਤੇ ਵਲੰਟੀਅਰਾਂ ਨੂੰ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਦਾ ਵੱਧ ਤੋਂ ਵੱਧ ਸਾਥ ਦੇਣ ਲਈ ਪ੍ਰੇਰਿਤ ਕੀਤਾ।
ਉਹਨਾਂ ਨੇ ਕਿਹਾ ਕਿ ਨਸ਼ੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਘੁਣ ਦੀ ਤਰ੍ਹਾਂ ਖਾ ਰਹੇ ਹਨ।ਇਸ ਲਈ ਨਸ਼ਿਆਂ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਪਰਿਵਾਰ ਅਤੇ ਸਮਾਜ ਨੂੰ ਪਹਿਲ ਕਦਮੀ ਦਿਖਾਉਂਣੀ ਚਾਹੀਦੀ ਹੈ। ਉਹਨਾਂ ਨੇ ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕਾਂ ਅਤੇ ਵਲੰਟੀਅਰਾਂ ਨਾਲ ਨਸ਼ਿਆਂ ਨੂੰ ਰੋਕਣ ਸੰਬੰਧੀ ਉਹਨਾਂ ਨਾਲ ਖੁੱਲ ਕੇ ਵਿਚਾਰ ਚਰਚਾ ਵੀ ਕੀਤੀ। ਇਸ ਮੌਕੇ ਉੱਤੇ ਨਸ਼ਿਆਂ ਨਾਲ ਸੰਬੰਧਿਤ ਇੱਕ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਪੰਜਾਹ ਦੇ ਕਰੀਬ ਵਲੰਟੀਅਰਾਂ ਨੇ ਭਾਗ ਲਿਆ, ਅਤੇ ਜੇਤੂ ਵਲੰਟੀਅਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਐਨ.ਐਸ.ਐਸ ਪ੍ਰੋਗਰਾਮ ਆਫਸਰ ਪ੍ਰੋਫੈਸਰ ਨਰਿੰਦਰਜੀਤ ਸਿੰਘ ਦੁਆਰਾ ਐਨ.ਐਸ.ਐਸ ਯੂਨਿਟ ਦੁਆਰਾ ਕੀਤੇ ਜਾਂਦੇ ਨਸ਼ਿਆਂ ਖਿਲਾਫ ਕਾਰਜਾਂ ਬਾਰੇ ਖੁੱਲ ਕੇ ਚਰਚਾ ਕੀਤੀ ਗਈ। ਅੰਤ ਵਿੱਚ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੁਆਰਾ ਆਪਣੀ ਗਾਇਕੀ ਦੁਆਰਾ ਵਲੰਟੀਅਰਾਂ ਨੂੰ ਨਸਿਆ ਤੋਂ ਦੂਰ ਰਹਿਣ ਅਤੇ ਆਪਣੇ ਰਾਸ਼ਟਰ ਦੀ ਤਨ ਮਨ ਤੇ ਧਨ ਨਾਲ ਸੇਵਾ ਕਰਨ ਲਈ ਸਮੂਹ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਸੇਵਾ ਬਲਜੀਤ ਸਿੰਘ ਦੁਆਰਾ ਬਖੂਬੀ ਨਿਭਾਈ ਗਈ।