ਡਿਪਟੀ ਕਮਿਸ਼ਨਰ ਨੇ ਮਰੀਜ਼ਾਂ ਨੂੰ ਨਸ਼ਾ ਮੁਕਤ ਨਵੀਂ ਜਿੰਦਗੀ ਵੱਲ ਵੱਧਣ ਲਈ ਕੀਤਾ ਪ੍ਰੇਰਿਤ

ਹੁਸ਼ਿਆਰਪੁਰ,(): ਜ਼ਿਲ੍ਹਾ ਨਸ਼ਾ ਮੁਕਤੀ ਪੁਨਰਵਾਸ ਕੇਂਦਰ ਹੁਸ਼ਿਆਰਪੁਰ ਵਿਖੇ ਉਤਸ਼ਾਹ ਅਤੇ ਜੋਸ਼ ਨਾਲ ’ਜ਼ਸਨ-ਏ-ਦੀਵਾਲੀ’ ਮਨਾਇਆ ਗਿਆ। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਨਸ਼ਾ ਮੁਕਤੀ ਪੁਨਰਵਾਸ ਸੋਸਾਇਟੀ ਹੁਸ਼ਿਆਰਪੁਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸਿਵਲ ਸਰਜਨ ਡਾ.ਬਲਬੀਰ ਕੁਮਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਮੈਂਬਰ ਸਕੱਤਰ ਡਾ.ਸਵਾਤੀ ਸ਼ੀਮਾਰ ਵੀ ਮੌਜੂਦ ਰਹੇ। ਇਹ ਪ੍ਰੋਗਰਾਮ ਡਾ.ਮਹਿਮਾ ਮਿਨਹਾਸ (ਮੈਡੀਕਲ ਅਫ਼ਸਰ ਇੰਚਾਰਜ, ਡੀ.ਪੀ.ਆਰ.ਸੀ) ਅਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਹੇਠ ਯੋਜਨਾਬੱਧ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਪ੍ਰਿੰਸੀਪਲ ਟਿਮਾਟਿਨੀ ਆਹਲੂਵਾਲੀਆ ਅਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਨੂੰ ਰਿਫਰੈਸ਼ਮੈਂਟ ਵੰਡੀ। ਪ੍ਰੋਗਰਾਮ ਵਿਚ ਮਰੀਜ਼ਾਂ ਲਈ ਰੰਗੋਲੀ, ਸਪੈਸ਼ਲ ਟਾਸਕ, ਰੱਸਾਕਸ਼ੀ, ਸਪੂਨ-ਲੇਮਨ, ਮਿਊਜ਼ੀਕਲ ਚੇਅਰ, ਸੋਲੋ ਡਾਂਸ ਅਤੇ ਭੰਗੜਾ ਵਰਗੀਆਂ ਰੰਗਾਰੰਗ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਕੇਂਦਰ ਵਿਚ ਦੀਵੇ ਅਤੇ ਰੰਗੋਲੀ ਨਾਲ ਮਨਮੋਹਕ ਸਜਾਵਟ ਕੀਤੀ ਗਈ। ਜੇਤੂਆਂ ਨੂੰ ਮੈਡਲ ਅਤੇ ਪ੍ਰੋਗਰਾਮ ਵਿਚ ਹਿੱਸਾ ਵਾਲਿਆਂ ਨੂੰ ਉਤਸ਼ਾਹ ਵਜੋਂ ਤੋਹਫ਼ੇ ਦਿੱਤੇ ਗਏ।

ਡਿਪਟੀ ਕਮਿਸ਼ਨਰ ਨੇ ਕੇਂਦਰ ਦੇ ਸਫ਼ਲ ਸੰਚਾਲਨ ’ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਨਸ਼ਾ ਮੁਕਤੀ ਕੇਂਦਰ ਸਮਾਜ ਦੇ ਪੁਨਰ-ਨਿਰਮਾਣ ਵਿਚ ਅਹਿਮ ਯੋਗਦਾਨ ਨਿਭਾਅ ਰਿਹਾ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਕਿਹਾ ਕਿ ਜੀਵਨ ਅਨਮੋਲ ਹੈ, ਇਸ ਨੂੰ ਨਸ਼ੇ ਨਾਲ ਨਹੀਂ, ਚੰਗੇ ਰਾਹ ਨਾਲ ਉਜਾਲਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਦੀਵਾਲੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਵਿਚ ਵੀ ਨਵੀਂ ਰੋਸ਼ਨੀ ਭਰਨ। ਉਨ੍ਹਾਂ ਕੇਂਦਰ ਦੇ 10 ਸਾਲ ਪੂਰੇ ਹੋਣ ’ਤੇ ਟੀਮ ਨੂੰ ’ਅਵਾਰਡ ਆਫ਼ ਐਪਰੀਸਿਏਸ਼ਨ’ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਸੰਸਥਾ ਰਾਜ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਸਿਵਲ ਸਰਜਨ ਡਾ.ਬਲਬੀਰ ਕੁਮਾਰ ਨੇ ਮਰੀਜ਼ਾਂ ਨੂੰ ਨਵੀਂ ਸੋਚ ਨਾਲ ਨਸ਼ਾ ਮੁਕਤ ਜੀਵਨ ਜਿਊਣ ਦਾ ਆਸ਼ੀਰਵਾਦ ਦਿੱਤਾ। ਉਥੇ ਡਾ.ਸਵਾਤੀ ਸ਼ੀਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਰਿਵਾਰ ਦਾ ਹਿੱਸਾ ਹੋਣ ’ਤੇ ਮਾਣ ਹੈ, ਜਿਸ ਨੇ ਹੁਣ ਤੱਕ 3000 ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਹੈ। ਪ੍ਰੋਗਰਾਮ ਵਿਚ ਰੋਟਰੀ ਕਲੱਬ ਦੇ ਸਤੀਸ਼ ਕੁਮਾਰ, ਸੁਮਨ ਨਈਅਰ, ਯੋਗੇਸ਼ ਚੰਦਰ, ਬੀ.ਐਸ. ਬਾਵਾ, ਨੀਨਾ, ਰਾਜਿੰਦਰ ਮੋਦਗਿਲ, ਰਵੀ ਜੈਨ, ਰੈਂਡ ਕਰਾਸ ਦੇ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਆਦਿੱਤਿਆ ਰਾਣਾ, ਕੇਂਦਰ ਪ੍ਰਬੰਧਕ ਨਿਸ਼ਾ ਰਾਣੀ, ਕਾਉਂਸਲਰ ਸੰਦੀਪ ਕੁਮਾਰੀ, ਪ੍ਰਸ਼ਾਂਤ, ਸਟਾਫ਼ ਮੈਂਬਰ ਵਿਸ਼ਾਲ ਠਾਕੁਰ, ਹਰਦੀਪ ਕੌਰ, ਅਮਨਦੀਪ ਕੌਰ, ਹਰੀਸ਼, ਅਲਕਾ, ਸੰਦੀਪ ਪਾਲ, ਰਜਨੀ, ਰਾਕੇਸ਼ ਰਮਨਦੀਪ ਸਮੇਤ ਹੋਰ ਮੌਜੂਦ ਸਨ।