ਬਲਾਕ ਹਾਰਟਾ ਬਡਲਾ, () : ਰਾਸ਼ਟਰੀ ਤਪਦਿਕ ਅਲੀਮੀਨੇਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹੇ ਅੰਦਰ ਚੱਲ ਰਹੀ 100 ਦਿਨਾਂ ਮੁਹਿੰਮ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਵਲੋਂ ਦਫਤਰ ਸੀ.ਐਚ.ਸੀ ਹਾਰਟਾ ਬਡਲਾ ਵਿਖੇ ਮੁੰਹਿਮ ਨਾਲ ਸੰਬੰਧਿਤ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਉਨਾਂ ਵਲੋਂ ਦਸੰਬਰ ਮਹੀਨੇ ਦੌਰਾਨ ਬਲਾਕ ਹਾਰਟਾ ਬਡਲਾ ਵਿੱਚ 100 ਦਿਨਾਂ ਦੀ ਮੁਹਿੰਮ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਅਤੇ ਅਗਾਂਹ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਏ.ਐਨ.ਐਮ, ਸੀ.ਐਚ.ੳ, ਆਸ਼ਾ ਫੈਸੀਲੀਟੇਟਰਸ ਨੂੰ ਦਿਸ਼ਾ ਨਿਰਦੇਸ਼ਾ ਜਾਰੀ ਕੀਤੇ। ਇਸ ਮੌਕੇ ਉਨਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਵੱਲੋਂ “ਕੌਮੀ ਟੀ.ਬੀ. ਕੰਟਰੋਲ ਪ੍ਰੋਗਰਾਮ” ਦੇ ਤਹਿਤ ਟੀ.ਬੀ ਵਰਗੀ ਗੰਭੀਰ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ 100 ਦਿਨਾਂ ਟੀ.ਬੀ. ਮੁਕਤ ਮੁਹਿੰਮ ਦੀ ਸ਼ੁਰੂਆਤ ਮਿਤੀ 07 ਦਸੰਬਰ 2024 ਨੂੰ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਬਲਾਕ ਦੇ ਹਾਈ ਰਿਸਕ ਟੀ.ਬੀ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰਨਾ ਹੈ ਕਿਉਂਕਿ ਟੀਬੀ ਹੁਣ ਲਾਇਲਾਜ ਨਹੀਂ ਹੈ। ਮੁਹਿੰਮ ਦੇ ਪਹਿਲੇ ਪੜਾਹ ਵਿੱਚ ਘਰ ਘਰ ਜਾ ਕੇ ਲੋਕਾਂ ਦੀ ਸਕਰੀਨਿੰਗ ਅਤੇ ਟੀ.ਬੀ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਪਹਿਚਾਣ ਕਰ ਉਨਾਂ ਨੂੰ ਪੂਰਾ ਇਲਾਜ ਮੁੱਹਈਆ ਕਰਵਾਉਣਾ ਹੈ। ਉਨਾਂ ਦੱਸਿਆ ਕਿ ਸ਼ਕੀ ਮਰੀਜ਼ਾਂ ਦੇ ਟੈਸਟ ਅਤੇ ਐਕਸ-ਰੇ ਮੁਫਤ ਕੀਤੇ ਜਾਣਗੇ। ਉਨਾਂ ਆਸ਼ਾ ਵਰਕਰਾਂ ਨੂੰ ਧਾਰਮਿਕ ਅਦਾਰਿਆਂ ਵਿੱਚ ਇਸ ਮੁਹਿੰਮ ਸੰਬੰਧੀ ਅਨਾਊਂਸਮੈਂਟ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਸਕਣ। ਉਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਿੱਖਿਅਕ ਅਦਾਰਿਆਂ ਨਾਲ ਤਾਲਮੇਲ ਕੀਤਾ ਜਾਵੇ। ਇਸ ਤੋਂ ਇਲਾਵਾ ਸੱਲਮ ਏਰੀਏ ਵਿੱਚ ਜਾ ਕੇ ਮਾਇਗ੍ਰੇਟਰੀ ਅਬਾਦੀ ਦੀ ਖਾਸ ਤੌਰ ਤੇ ਸਕਰੀਨਿੰਗ ਕੀਤੀ ਜਾਵੇ। ਇਸ ਦੇ ਨਾਲ ਨਾਲ, ਸ਼ੂਗਰ ਅਤੇ ਕੁਪੋਸ਼ਣ ਤੋਂ ਪੀੜਤ ਲੋਕ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਵਾਲੇ, ਐੱਚਆਈਵੀ ਸੰਕਰਮਿਤ ਅਤੇ ਸਾਬਕਾ ਟੀਬੀ ਦੇ ਮਰੀਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ।ਉਨਾਂ ਕਿਹਾ ਕਿ ਇਸ ਮੁਹਿੰਮ ਨਾਲ ਅਸੀਂ ਟੀ.ਬੀ ਦੇ ਖਾਤਮੇ ਲਈ ਵੱਡਾ ਕਦਮ ਚੁੱਕਾਂਗੇ। ਉਨ੍ਹਾਂ ਸਿਹਤ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿਚ ਸਰਗਰਮ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਕਜੁੱਟਤਾ ਅਤੇ ਲਗਨ ਨਾਲ ਹੀ ਇਸ 100 ਦਿਨਾਂ ਟੀ.ਬੀ ਮਹਿੁੰਮ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ.ਟੀ.ਐਸ ਭੁਪਿੰਦਰ ਕੌਰ, ਗੁਰਮੇਲ ਸਿੰਘ,ਨਵਦੀਪ ਸਿੰਘ, ਵਿਕਰਮਜੀਤ ਹਾਜ਼ਰ ਰਹੇ।