ਹੁਸ਼ਿਆਰਪੁਰ,(ਤਰਸੇਮ ਦੀਵਾਨਾ): ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਦਿ ਧਰਮ ਸਤਿਸੰਗ ਪਿੰਡ ਕੜੋਅ ਸ਼ਾਹਤਲਾਈ ਜ਼ਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਵਿਖੇ ਹਿਮਾਚਲ ਪ੍ਰਧਾਨ ਰਮੇਸ਼ ਚੰਦ ਸਹੋਤਾ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਸੰਤ ਕਰਮ ਚੰਦ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਨਾਲ ਜੋੜਿਆ।ਇਨਾਂ ਮਹਾਂਪੁਰਸ਼ਾਂ ਨੇ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਨੁਸਾਰ “ਹਰਿ ਸੋ ਹੀਰਾ ਛਾਡ ਕੇ ਕਰਿਹ ਆਨ ਕਿ ਆਸ” ਭਾਵ ਹੀਰੇ ਵਰਗਾ ਵਡਮੁੱਲਾ ਹਰੀ ਪ੍ਰਮੇਸ਼ਰ ਦਾ ਨਾਮ ਛੱਡ ਕੇ ਹੋਰ ਵਿਕਾਰ ਵਸਤਾਂ ਦੇ ਮਗਰ ਭਜਣ ਨਾਲ ਇਹ ਜੀਵਨ ਵੀ ਵਿਕਾਰ ਚਲਾ ਜਾਵੇਗਾ। ਉਸ ਹਰੀ ਪ੍ਰਮੇਸ਼ਰ ਦਾ ਨਾਮ ਹੀ ਜੀਵਨ ਨੂੰ ਭਵਸਾਗਰ ਤੋਂ ਪਾਰ ਕਰੇਗਾ। ਉਨਾਂ ਕਿਹਾ ਨਾਮ ਦਾ ਭਾਵ ਹੈ ਗਿਆਨ ਜੋ ਕਿ ਹਰ ਮਨੁੱਖ ਲਈ ਜਰੂਰੀ ਹੈ,ਨਹੀਂ ਤਾਂ ਅਗਿਆਨਤਾ ਦੇ ਹਨੇਰੇ ਵਿਚ ਮਨੁੱਖ ਗੁਲਾਮੀ ਦਾ ਜੀਵਨ ਵਸਰ ਕਰਦਾ ਹੈ। ਸਤਿਗੁਰੂ ਰਵਿਦਾਸ ਜੀ ਦੇ ਮਹਾਨ ਕਥਨ ਅਨੁਸਾਰ “ਸਤਿਸੰਗਤ ਮਿਲਿ ਰਹੀਏ ਮਾਧੋ ਜੈਸੇ ਮਧੁਪ ਮਖੀਰਾ”ਭਾਵ ਸਮਾਜ ਨੂੰ ਆਪਣੇ ਮੌਲਿਕ ਹੱਕਾਂ ਲਈ ਮਧੁ ਮੁਖੀਆਂ ਵਾਂਗ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਗੁਰੂਆਂ ਰਹਿਬਰਾਂ ਵਲੋੰ ਸਖਤ ਸੰਘਰਸ਼ ਵਿਚੋਂ ਲੈ ਕੇ ਦਿੱਤੇ ਮਾਨਵ ਅਧਿਕਾਰਾਂ ਨੂੰ ਕਾਇਮ ਦਾਇਮ ਰੱਖ ਸਕਦੇ ਹਾਂ। ਇਸ ਮੌਕੇ ਹਿਮਾਚਲ ਪ੍ਰਧਾਨ ਰਮੇਸ਼ ਚੰਦ ਸਹੋਤਾ ਅਤੇ ਪਤਵੰਤਿਆਂ ਵਲੋੰ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।