ਪਿਛਲੇ ਕਈ ਸਾਲਾਂ ਤੋਂ ਖੇਤ ’ਚ ਹੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਿਹੈ ਕਿਸਾਨ ਹਰਜੀਤ ਸਿੰਘ

ਹਾਜੀਪੁਰ,(ਰਾਜਦਾਰ ਟਾਇਮਸ): ਜ਼ਿਲ੍ਹੇ ਦੇ ਬਲਾਕ ਹਾਜੀਪੁਰ ਦਾ ਕਿਸਾਨ ਹਰਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੀ ਮਿਸਾਲ ਕਾਇਮ ਕਰਦਾ ਹੋਇਆ ਪਰਾਲੀ ਨੂੰ ਅੱਗ ਨਾ ਲਾ ਕੇ ਖੇਤਾਂ ਵਿਚ ਹੀ ਵਾਹੁੰਦਿਆਂ ਕਮਾਦ, ਆਲੂ, ਸਿਆਲੂ ਮੱਕੀ ਅਤੇ ਕਣਕ ਦੀ ਸਫਲ ਖੇਤੀ ਕਰ ਰਿਹਾ ਹੈ। ਪਿੰਡ ਸੁੰਦਰਪੁਰ ਦੇ ਕਿਸਾਨ ਹਰਜੀਤ ਸਿੰਘ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਵਜੋਂ ਸਾਲ 2015 ਤੋਂ ਤਜਰਬੇ ਵਜੋਂ  2 ਏਕੜ ਰਕਬੇ ਵਿੱਚ ਪਰਾਲੀ ਨੂੰ ਸਾੜਣ ਦੀ ਬਜਾਏ ਤਵੀਆਂ ਨਾਲ ਵਹਾਈ ਕਰਨ ਤੋਂ ਬਾਅਦ ਕਣਕ/ਖਾਦ ਦਾ ਛੱਟਾ ਦੇਣ ਉਪਰੰਤ ਰੋਟਾਵੇਟਰ ਦੀ ਸਿੰਗਲ ਵਹਾਈ ਕਰਕੇ ਕਣਕ ਦੀ ਬਿਜਾਈ ਕੀਤੀ। ਕਿਸਾਨ ਵਲੋਂ ਸਫਲ ਵਹਾਈ ਹੋਣ ਉਸਨੇ ਅਗਲੇ ਸਾਲ 10 ਏਕੜ ਰਕਬਾ ਅਤੇ ਫਿਰ ਅਗਲੇ ਸਾਲਾਂ ਤੱਕ 15 ਏਕੜ ਰਕਬਾ ਵਧਾ ਕੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਖੇਤ ਵਿੱਚ ਹੀ ਕਰਕੇ ਸਾਫ ਅਤੇ ਸ਼ੁੱਧ ਵਾਤਾਵਰਣ, ਮਿੱਟੀ ਦੀ ਗੁਣਵੱਤਾ ਵਧਾਉਣ, ਖਾਦਾਂ ਦੀ ਬੇਲੋੜੀ ਵਰਤੋਂ ਦਾ ਵਾਧੂ ਬੋਝ 20 ਫੀਸਦੀ ਘਟਾ ਕੇ ਸਾਲ 2018 ਦੌਰਾਨ ਖੇਤੀਬਾੜੀ ਅਤੇ ਕਿਸਾਨ ਵਿਭਾਗ ਬਲਾਕ ਹਾਜੀਪੁਰ ਨਾਲ ਰਾਬਤਾ ਕਰਕੇ ਫਾਰਮ ਮਸ਼ੀਨਰੀ ਬੈਂਕ ਦੀ ਸਥਾਪਨਾ ਕਰਦਿਆਂ ਹੈਪੀ ਸੀਡਰ, ਮਲਚਰ, ਚੋਪਰ ਕਮ ਸਰੈਡਰ, ਰੋਟਾਵੇਟਰ ਮਸੀਨਾਂ ਪ੍ਰਾਪਤ ਕੀਤੀਆਂ। ਮੁੱਖ ਖੇਤੀਬਾੜੀ ਅਫ਼ਸਰ ਦਪਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਪਰਾਲੀ ਨਾ ਸਾੜਨ ਅਤੇ ਇਸਦੇ ਪ੍ਰਬੰਧਨ ਕਰਕੇ ਕਿਸਾਨ ਦੇ ਝੋਨੇ ਦੇ ਮੁੱਢ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਾ ਕੰਮ ਸੌਖਾ ਹੋ ਗਿਆ ਅਤੇ ਕਣਕ ਦੀ ਬਿਜਾਈ ਲਈ ਲੇਬਰ ਦੀ ਬੱਚਤ ਹੋ ਗਈ। ਪਰਾਲੀ ਪ੍ਰਬੰਧਨ ਉਪਰੰਤ ਆਲੂਆਂ ਦੀ ਬਿਜਾਈ ਬਾਰੇ ਦੱਸਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਮਲਚਰ ਚਲਾਉਣ, ਤਵੀਆਂ ਦੀ ਦੋਹਰ ਅਤੇ ਸਿੰਗਲ ਵਹਾਈ ਰੋਟਾਵੇਟਰ ਨਾਲ ਕਰਨ ਉਪਰੰਤ ਖੇਤ ਆਲੂਆਂ ਦੀ ਬਿਜਾਈ ਲਈ ਬਿਲਕੁਲ ਤਿਆਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਸੂ ਦੇ ਗੰਨੇ ਦੀ ਬਿਜਾਈ ਕਰਨ ਲਈ ਵੀ ਪਰਾਲੀ ਨੂੰ ਬਿਲਕੁਲ ਬਰੀਕ ਕਰਨ ਲਈ ਹਰਜੀਤ ਸਿੰਘ ਵਰਗੇ ਅਗਾਂਹਵਧੂ ਕਿਸਾਨ ਮਲਚਰ ਦੀ ਵਰਤੋਂ ਕਰਦੇ ਹਨ ਜਿਸ ਨਾਲ ਝੋਨੇ ਦੇ ਵੱਡ ਵਿੱਚ ਗੰਨੇ ਦੀ ਬਿਜਾਈ ਸੌਖੀ ਹੋ ਜਾਂਦੀ ਹੈ। ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਨਾਲ ਉਨ੍ਹਾਂ ਦੀ 15 ਏਕੜ ਕਣਕ, 18 ਏਕੜ ਝੋਨਾ, 3 ਏਕੜ ਵਿੱਚ ਆਲੂ, 3 ਏਕੜ ਵਿੱਚ ਸਿਆਲੂ ਮੱਕੀ, 7 ਮਲਚਰ ਨਾਲ ਕਣਕ ਦੀ ਬਿਜਾਈ ਕਰਨ ਉਪਰੰਤ ਲੇਬਰ, ਨਦੀਨਨਾਸ਼ਕ, ਕੀਟਨਾਸ਼ਕ, ਉੱਲੀ ਨਾਸ਼ਕ ਅਤੇ ਖਾਦ ’ਤੇ ਲਾਗਤ ਕਾਫੀ ਘੱਟ ਆਈ ਹੈ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ।