ਫਗਵਾੜਾ,(ਸ਼ਿਵ ਕੋੜਾ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਕਾਫੀ ਸਮਾਂ ਪਹਿਲਾਂ ਤੋਂ ਹੀ ਤੈਅ ਸੀ ਪਰ ਉਹ ਹੁਣ ਤੱਕ ਕਾਨੂੰਨੀ ਤਿਕੜਮਾਂ ਦਾ ਸਹਾਰਾ ਲੈ ਕੇ ਗਿਰਫਤਾਰੀ ਤੋਂ ਬੱਚਦੇ ਰਹੇ। ਵੀਰਵਾਰ ਨੂੰ ਜਦੋਂ ਅਦਾਲਤ ਨੇ ਗ੍ਰਿਫ਼ਤਾਰੀ ਤੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜੇਲ੍ਹ ਜਾਣਾ ਪਿਆ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਈ.ਡੀ ਨੇ ਇਕ ਤੋਂ ਬਾਅਦ ਇਕ ਕੁੱਲ ਨੌਂ ਸੰਮਨ ਭੇਜੇ ਪਰ ਹਰ ਵਾਰ ਉਹ ਏਜੰਸੀ ਦੇ ਸੰਮਨਾਂ ਨੂੰ ਜਨਤਕ ਤੌਰ ਤੇ ਗ਼ੈਰ-ਕਾਨੂੰਨੀ ਦੱਸਦੇ ਰਹੇ। ਜਦੋਂ ਕਿ ਅਦਾਲਤ ਵਿਚ ਅਜਿਹੀ ਗੱਲ ਨਹੀਂ ਕਹੀ, ਸਗੋਂ ਈ.ਡੀ ਸਾਹਮਣੇ ਪੇਸ਼ ਹੋਣ ਦੇ ਬਦਲੇ ਗਿਰਫਤਾਰ ਨਾ ਕੀਤੇ ਜਾਣ ਦੀ ਗਰੰਟੀ ਮੰਗਦੇ ਰਹੇ ਜੋ ਕਿ ਅਦਾਲਤ ਤੇ ਨਹੀਂ ਦਿੱਤੀ। ਇਸ ਲਈ ਸ਼ਰਾਬ ਘੁਟਾਲੇ ਰਾਹੀਂ ਭ੍ਰਿਸ਼ਟਾਚਾਰ ਦੀ ਜੋ ਫਸਲ ਕੇਜਰੀਵਾਲ ਨੇ ਬੀਜੀ ਸੀ, ਹੁਣ ਉਹੀ ਫਸਲ ਕੱਟਣ ਦਾ ਸਮਾਂ ਆ ਗਿਆ ਹੈ। ਖੋਸਲਾ ਨੇ ਕਿਹਾ ਕਿ ਇਹ ਉਹੀ ਕੇਜਰੀਵਾਲ ਹੈ ਜੋ ਕਹਿੰਦੇ ਸੀ ਕਿ ਕੇਂਦਰ ਦੀ ਕੋਈ ਵੀ ਸਰਕਾਰ ਵੱਡੇ ਭ੍ਰਿਸ਼ਟ ਨੇਤਾਵਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਭ੍ਰਿਸ਼ਟ ਵਿਅਕਤੀ ਭਾਵੇਂ ਕਿੰਨੇ ਵੀ ਵੱਡੇ ਅਹੁਦੇ ’ਤੇ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਦੀ ਨੀਤੀ ਬਿਲਕੁਲ ਸਪੱਸ਼ਟ ਹੈ ਕਿ ਨਾ ਖਾਵਾਂਗਾ, ਨਾ ਕਿਸੇ ਨੂੰ ਖਾਣ ਦਿਆਂਗਾ। ਇਸੇ ਲਈ ਮੋਦੀ ਸਰਕਾਰ ਨੇ ਈ.ਡੀ ਨੂੰ ਫਰੀ ਹੈਂਡ ਦਿੱਤਾ ਅਤੇ ਪਹਿਲੀ ਵਾਰ ਕੇਜਰੀਵਾਲ ਦੇ ਰੂਪ ਵਿਚ ਇਕ ਸਿਟਿੰਗ ਮੁੱਖ ਮੰਤਰੀ ਅਤੇ ਉਸਦੇ ਮੰਤਰੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹਨ। ‘ਆਪ’ ਵਰਕਰਾਂ ਵੱਲੋਂ ਦਿੱਲੀ ’ਚ ਗ੍ਰਿਫਤਾਰੀ ਦੇ ਖਿਲਾਫ ਜਾਰੀ ਪ੍ਰਦਰਸ਼ਨ ’ਤੇ ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਬੇਕਸੂਰ ਹਨ ਤਾਂ ਉਨ੍ਹਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਭਰੋਸਾ ਰੱਖਣਾ ਚਾਹੀਦਾ ਹੈ।