ਕੈਬਨਿਟ ਮੰਤਰੀ ਜਿੰਪਾ ਨੇ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਜਨਮ ਦਿਵਸ ਨੂੰ ਖ਼ੂਨਦਾਨ ਦਿਵਸ ਵਜੋਂ ਮਨਾਉਂਦਿਆਂ ਅੱਜ ਸੂਬੇ ਭਰ ਵਿਚ ਵੱਡੀ ਪੱਧਰ ’ਤੇ ਖ਼ੂੁਨਦਾਨ ਕੈਂਪ ਲਗਾਏ ਗਏ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸਤਿਨਾਮ ਹਸਪਤਾਲ ਹੁਸ਼ਿਆਰਪੁਰ ਵਿਖੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਲਗਾਏ ਗਏ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਰਮਨ ਪਿਆਰੇ, ਇਮਾਨਦਾਰ, ਕਰਮਯੋਗੀ ਅਤੇ ਗ਼ਰੀਬਾਂ ਦੇ ਹਮਦਰਦ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਵਸ ਮੌਕੇ ਅੱਜ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਅਜਿਹੇ ਖ਼ੂਨਦਾਨ ਕੈਂਪ ਲਗਾਏ ਗਏ ਹਨ, ਜਿਨ੍ਹਾਂ ਵਿਚ ਹਜ਼ਾਰਾਂ ਦੀ ਤਦਾਦ ਵਿਚ ਨੌਜਵਾਨਾਂ ਵੱਲੋਂ ਖ਼ੂਨਦਾਨ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਮਿਲਿਆ ਹੈ, ਜੋ ਕਿ ਆਮ ਜਨਤਾ ਵਿਚ ਜਾ ਕੇ ਉਨ੍ਹਾਂ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਸੜਕ ਸੁਰੱਖਿਆ ਦੇ ਮਾਮਲੇ ਵਿਚ ਮੁੱਖ ਮੰਤਰੀ ਵੱਲੋਂ ਇਤਿਹਾਸਕ ਫ਼ੈਸਲਾ ਲੈਂਦਿਆਂ ਕੇਵਲ ਰੋਡ ਸੇਫਟੀ ਲਈ ਪੁਲਿਸ ਦੀ ਵੱਖਰੀ ਯੂਨਿਟ ਤਿਆਰ ਕੀਤੀ ਗਈ ਹੈ ਅਤੇ ਫਰਿਸ਼ਤਾ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਨਾਲ ਸੜਕ ਹਾਦਸਿਆਂ ਵਿਚ ਅਜਾਈਂ ਜਾਂਦੀਆਂ ਜਾਨਾਂ ਨੂੰ ਠੱਲਣ ਵਿਚ ਬੇਹੱਦ ਮਦਦ ਤਿਲੇਗੀ। ਮਹਿਜ਼ ਡੇਢ ਸਾਲ ਦੇ ਅਰਸੇ ਵਿਚ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਇਤਿਹਾਸਕ ਕੰਮ ਕੀਤੇ ਹਨ, ਜਿਨ੍ਹਾਂ ਵਿਚ 37 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦੇਣਾ, ਹਰੇਕ ਮਹੀਨੇ 300 ਯੂਨਿਟ ਮੁਫ਼ਤ ਬਿਜਲੀ, ਟੋਲ ਪਲਾਜ਼ਿਆਂ ਨੂੰ ਬੰਦ ਕਰਵਾਉਣਾ ਅਤੇ ਹੋਰ ਅਨੇਕਾਂ ਕਾਰਜ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ 1980 ਤੋਂ ਬਾਅਦ ਮਾਨ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ, ਜਿਹੜੀ ਕਿ ਮਾਲ ਮਹਿਕਮੇ ਵਿਚ ਅਫ਼ਸਰਾਂ ਦੀ ਭਰਤੀ ਕਰ ਰਹੀ ਹੈ। ਹੁਸ਼ਿਆਰਪੁਰ ਦੀ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਜਿਥੇ ਹੁਸ਼ਿਆਰਪੁਰ ਵਿਚ 450 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ, ਉਥੇ ਤਹਿਸੀਲ ਕੰਪਲੈਕਸ ਦਾ ਵੀ ਕਾਇਆ ਕਲਪ ਕੀਤਾ ਜਾ ਰਿਹਾ ਹੈ। ਲੋਕਾਂ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਚਿਰਾਂ ਤੋਂ ਰਾਸ਼ਟਰੀ ਰਾਜ ਮਾਰਗ ਦੇ ਮਸਲੇ ਵਿਚ ਲਟਕੀ ਆਦਮਪੁਰ-ਜਲੰਧਰ-ਚਿੰਤਪੁਰਨੀ ਸੜਕ ਵੀ ਪੰਜਾਬ ਸਰਕਾਰ ਵੱਲੋਂ 14 ਕਰੋੜ ਰੁਪਏ ਦੀ ਲਾਗਤ ਨਾਲ ਬਣਵਾ ਕੇ ਇਕ ਵੱਡੀ ਰਾਹਤ ਦਿੱਤੀ ਗਈ ਹੈ। ਕੈਬਨਿਟ ਮੰਤਰੀ ਜਿੰਪਾ ਨੇ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਦੇ ਮਾਤਾ ਜੀ ਨੂੰ ਨਮਨ ਕੀਤਾ, ਜਿਨ੍ਹਾਂ ਨੇ ਅਜਿਹੇ ਸਪੂਤ ਨੂੰ ਜਨਮ ਦਿੱਤਾ। ਇਸ ਖ਼ੂਨਦਾਨ ਕੈਂਪ ਦੌਰਾਨ 85 ਯੂਨਿਟ ਤੋਂ ਵੱਧ ਖ਼ੂਨ ਇਕੱਤਰ ਕੀਤਾ ਗਿਆ।ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਦਿ ਹੁਸ਼ਿਆਰਪੁਰ ਕੋਅਰਪ੍ਰੇਟਿਵ ਸੈਂਟਰਲ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਤਵੰਤ ਸਿੰਘ ਸਿਆਣ, ਕੌਂਸਲਰ ਮੁਖੀ ਰਾਮ, ਵਿਜੇ ਅਗਰਵਾਲ ਤੇ ਬਲਵਿੰਦਰ ਬਿੰਦੀ, ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ, ਡੀ.ਐਚ.ਓ ਡਾ.ਲਖਬੀਰ ਸਿੰਘ, ਐਸ.ਐਮ.ਓ ਡਾ.ਸਵਾਤੀ ਸ਼ੀਮਾਰ, ਚੰਦਨ ਲੱਕੀ, ਕੁਲਵਿੰਦਰ ਸਿੰਘ ਹੁੰਦਲ, ਅਜੀਤ ਸਿੰਘ ਲੱਕੀ ਤੋਂ ਇਲਾਵਾ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਤੋਂ ਅਮਨਪ੍ਰੀਤ ਸਿੰਘ, ਗੌਰਵ ਗੋਰਾ, ਰਿੱਕੀ, ਨੀਰਜ,  ਡਾ.ਅਮਰਜੀਤ ਲਾਲ, ਵਿਕਾਸ, ਵੈਸ਼ਾਲੀ ਚੋਪੜਾ, ਕ੍ਰਿਸ਼ਨ ਕੁਮਾਰ ਤੇ ਹੋਰ ਹਾਜ਼ਰ ਸਨ।