ਫਗਵਾੜਾ,(ਸ਼ਿਵ ਕੋੜਾ): ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਿਨੀ ਗੋਮਰ ਨੇ ਆਪਣੀ ਪਹਿਲੀ ਫਗਵਾੜਾ ਫੇਰੀ ਦੌਰਾਨ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਓਟ ਆਸਰਾ ਲਿਆ। ਉਹਨਾਂ ਦੇ ਨਾਲ ਜ਼ਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਸਨ। ਇਸ ਦੌਰਾਨ ਸਭ ਤੋਂ ਪਹਿਲਾਂ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਪੁੱਜਣ ’ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ। ਜਿਸ ਤੋਂ ਬਾਅਦ ਕਾਂਗਰਸ ਉਮੀਦਵਾਰ ਨੇ ਭਗਵਾਨ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਲਿਆ। ਜਿੱਥੇ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੋਡ ਦੇ ਕਮੇਟੀ ਪ੍ਰਧਾਨ ਬਲਵੰਤ ਰਾਏ ਧੀਮਾਨ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਭਗਵਾਨ ਵਾਲਮੀਕਿ ਮੰਦਿਰ ਬੰਗਾ ਰੋਡ ਪੁੱਜਣ ’ਤੇ ਯਾਮਿਨੀ ਗੋਮਰ ਨੂੰ ਕਮੇਟੀ ਪ੍ਰਧਾਨ ਕੁੰਦਨ ਕਲਿਆਣ, ਸੁਰਿੰਦਰ ਘਈ, ਅਸ਼ੋਕ ਕੁਮਾਰ ਗਿੱਲ, ਚਮਨ ਲਾਲ ਖੋਸਲਾ, ਯੋਗਰਾਜ ਬੈਂਸ ਆਦਿ ਨੇ ਸਨਮਾਨਤ ਕੀਤਾ ਜਦਕਿ ਪ੍ਰਾਚੀਨ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਪੁੱਜਣ ਤੇ ਕਮੇਟੀ ਪ੍ਰਧਾਨ ਬਲਦੇਵ ਰਾਜ ਸ਼ਰਮਾ ਅਤੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਮੰਦਿਰ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ, ਯਸ਼ ਬਰਨਾ ਤੇ ਹੋਰਨਾਂ ਵੱਲੋਂ ਯਾਮਿਨੀ ਗੋਮਰ ਅਤੇ ਵਿਧਾਇਕ ਧਾਲੀਵਾਲ ਨੂੰ ਸਨਮਾਨਤ ਕੀਤਾ ਗਿਆ। ਕਾਂਗਰਸ ਉਮੀਦਵਾਰ ਯਾਮਿਨੀ ਗੋਮਰ ਨੇ ਕਿਹਾ ਕਿ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਫਗਵਾੜਾ ਦੀ ਇਹ ਪਹਿਲੀ ਫੇਰੀ ਹੈ, ਇਸ ਲਈ ਉਨ੍ਹਾਂ ਦੀ ਤਰਜੀਹ ਇੱਥੋਂ ਦੇ ਸਾਰੇ ਪ੍ਰਮੁੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਲੈਣਾ ਹੈ। ਜਿਸ ਤੋਂ ਬਾਅਦ ਚੋਣ ਪ੍ਰਚਾਰ ਮੁਹਿਮ ਸ਼ੁਰੂ ਕੀਤੀ ਜਾਵੇਗੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਸਮੇਤ ਹੁਸ਼ਿਆਰਪੁਰ ਲੋਕ ਸਭਾ ਅਧੀਨ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ। ਲੋਕ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ 10 ਸਾਲਾਂ ਦੀ ਤਾਨਾਸ਼ਾਹੀ ਤੋਂ ਨਿਰਾਸ਼ ਹਨ ਅਤੇ ਕੇਂਦਰ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਬੇਤਾਬ ਹਨ। ਜਿਸ ਕਰਕੇ ਕਾਂਗਰਸੀ ਵਰਕਰ ਵੀ ਚੋਣਾਂ ਨੂੰ ਲੈ ਕੇ ਪੂਰੇ ਉਤਸ਼ਾਹ ਵਿੱਚ ਹਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਸ ਵਾਰ ਹੁਸ਼ਿਆਰਪੁਰ ਲੋਕ ਸਭਾ ਸੀਟ ’ਤੇ ਕਾਂਗਰਸ ਪਾਰਟੀ ਦਾ ਹੀ ਝੰਡਾ ਲਹਿਰਾਏਗੀ। ਇਸ ਮੌਕੇ ਬਲਾਕ ਪ੍ਰਧਾਨ ਸ਼ਹਿਰੀ ਬੰਟੀ ਵਾਲੀਆ, ਬਲਾਕ ਪ੍ਰਧਾਨ ਦਿਹਾਤੀ ਜਸਵੰਤ ਸਿੰਘ ਨੀਟਾ ਜਗਪਾਲਪੁਰ, ਡੈਲੀਗੇਟ ਮੈਂਬਰ ਗੁਰਜੀਤ ਪਾਲ ਵਾਲੀਆ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸੰਗੀਤਾ ਧੀਰ, ਤਜਿੰਦਰ ਬਾਵਾ, ਤਰਲੋਕ ਸਿੰਘ ਨਾਮਧਾਰੀ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਰਣਜੀਤ ਰਾਣੀ, ਬਲਜੀਤ ਕੌਰ ਬੁੱਟਰ, ਜ਼ਿਲ੍ਹਾ ਪ੍ਰਧਾਨ ਓ.ਬੀ.ਸੀ ਸੈਲ, ਲਾਡੀ ਬੋਹਾਣੀ, ਜਗਜੀਵਨ ਲਾਲ ਸਾਬਕਾ ਸਰਪੰਚ ਖਲਵਾੜਾ, ਵਿੱਕੀ ਵਾਲੀਆ, ਅਮਿਤ ਅਰੋੜਾ ਆਦਿ ਤੋਂ ਇਲਾਵਾ ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਵਿਪਨ ਸ਼ਰਮਾ, ਰਾਜੇਸ਼ ਪਲਟਾ, ਵਿਕਰਮ ਸ਼ਰਮਾ ਆਦਿ ਵੀ ਹਾਜ਼ਰ ਸਨ।