ਮੁੱਖ ਮਹਿਮਾਨ ਸਮੀਰ ਸ਼ਰਮਾ ਨੇ ਕੈਂਪ ਦੇ ਸਫ਼ਲ ਆਯੋਜਨ ਲਈ ਵਲੰਟੀਅਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨੂੰ ਦਿੱਤੀ ਵਧਾਈ
ਮੁਕੇਰੀਆਂ,(ਰਾਜ਼ਦਾਰ ਟਾਇਮਸ): ਸਵਾਮੀ ਪ੍ਰੇਮਾਨੰਦ ਮਹਾਵਿਦਿਆਲਾ ਮੁਕੇਰੀਆਂ ਵਿਖੇ ਲਗਾਏ ਗਏ ਸੱਤ ਰੋਜ਼ਾ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ) ਕੈਂਪ ਦਾ ਸਮਾਪਤੀ ਸਮਾਰੋਹ ਬੜੇ ਹੀ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਮੌਕੇ ਵਲੰਟੀਅਰਾਂ ਨੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਮੁੱਚੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਸਮਾਗਮ ਦੀ ਸ਼ੁਰੂਆਤ ਰਵਾਇਤੀ ਤੌਰ ‘ਤੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਉਪਰੰਤ ਮੁੱਖ ਮਹਿਮਾਨ ਪਿ੍ੰਸੀਪਲ ਡਾ.ਸਮੀਰ ਸ਼ਰਮਾ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।
![](https://rajdaartimes.com/wp-content/uploads/2025/02/03-P-7-1024x513.jpg)
ਪ੍ਰੋਗਰਾਮ ਅਫਸਰ ਡਾ.ਸੋਨੀਆ ਸ਼ਰਮਾ ਨੇ ਮੁੱਖ ਮਹਿਮਾਨ ਸਮੇਤ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਵਲੰਟੀਅਰਾਂ ਵੱਲੋਂ ਵੱਖ-ਵੱਖ ਸਮਾਜਿਕ ਜਾਗਰੂਕਤਾ ਮੁਹਿੰਮਾਂ, ਵਾਤਾਵਰਨ ਸੰਭਾਲ ਦੇ ਯਤਨਾਂ ਅਤੇ ਸੇਵਾ ਕਾਰਜਾਂ ਦਾ ਜ਼ਿਕਰ ਕਰਦਿਆਂ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। ਨਾਲ ਹੀ ਕੈਂਪ ਦੀਆਂ ਅਹਿਮ ਝਲਕੀਆਂ ਵੀਡਿਓ ਰਾਹੀਂ ਪ੍ਰਦਰਸ਼ਿਤ ਕੀਤੀਆਂ ਗਈਆਂ। ਜਿਸ ਨੂੰ ਦੇਖ ਕੇ ਸਾਰਿਆਂ ਨੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਡਾ.ਸਮੀਰ ਸ਼ਰਮਾ ਨੇ ਕੈਂਪ ਦੇ ਸਫ਼ਲ ਆਯੋਜਨ ਲਈ ਵਲੰਟੀਅਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਵਲੰਟੀਅਰਾਂ ਦੇ ਸਮਰਪਣ ਅਤੇ ਨਿਰਸਵਾਰਥ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਲਈ ਨਿਰੰਤਰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਨਾ ਸਿਰਫ਼ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਅਤੇ ਅਗਵਾਈ ਦੀ ਸਮਰੱਥਾ ਦਾ ਵਿਕਾਸ ਕਰਦੇ ਹਨ, ਸਗੋਂ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦੇ ਹਨ। ਇਸ ਸਮਾਗਮ ਵਿੱਚ ਐਨ.ਐਸ.ਐਸ ਦੀਆਂ ਤਿੰਨੇ ਯੂਨਿਟਾਂ ਵਿੱਚੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਾਲੰਟੀਅਰਾਂ ਨੂੰ ‘ਬੈਸਟ ਐਨ.ਐਸ.ਐਸ ਵਾਲੰਟੀਅਰਜ਼’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਿਮਰਨ, ਸਲੋਨੀ, ਸ਼ਿਵਾਲੀ, ਸ਼ਾਂਤਨੂ, ਗੌਰਵ, ਪੰਕਜ, ਈਸ਼ਾਨ, ਅਨੁਪਮ, ਪ੍ਰਿਆ ਅਤੇ ਹਰਜਿੰਦਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਐਨ.ਐਸ.ਐਸ ਬੈਸਟ ਵਲੰਟੀਅਰ ਐਲਾਨਿਆ ਗਿਆ। ਉਨ੍ਹਾਂ ਦੀ ਲਗਨ ਅਤੇ ਅਣਥੱਕ ਯਤਨਾਂ ਦੀ ਸਭ ਨੇ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਸਮਾਜ ਸੇਵਾ ਵਿੱਚ ਸਰਗਰਮ ਰਹਿਣ ਲਈ ਪ੍ਰੇਰਿਆ। ਸਮਾਗਮ ਦੇ ਅੰਤ ‘ਚ ਪ੍ਰੋਗਰਾਮ ਅਫ਼ਸਰ ਡਾ.ਅਸ਼ੋਕ ਚੌਧਰੀ ਨੇ ਵਿਸ਼ੇਸ਼ ਤੌਰ ‘ਤੇ ਕਾਲਜ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਡਾ.ਸਮੀਰ ਸ਼ਰਮਾ ਦਾ ਇਸ ਕੈਂਪ ਨੂੰ ਸਫ਼ਲ ਬਣਾਉਣ ‘ਚ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਭਵਿੱਖ ‘ਚ ਵੀ ਸਮਾਜ ਸੇਵਾ ਸਬੰਧੀ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੰਕਲਪ ਵੀ ਲਿਆ।