ਮੁਕੇਰੀਆਂ,(ਰਾਜਦਾਰ ਟਾਇਮਸ): ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆਂ ਵਿਖੇ ਪੰਜਾਬ ਸੁਪਰ ਸ਼ੈੱਫ ਸੀਜ਼ਨ 7 ਦੀ ਜੇਤੂ ਸ਼੍ਰੀਮਤੀ ਮੀਨਾਕਸ਼ੀ ਆਨੰਦ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪ੍ਰਬੰਧਕ ਕਮੇਟੀ ਦੇ ਸਮੂਹ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮਾਮਲੇ ਸਬੰਧੀ ਕਾਲਜ ਪਿ੍ੰਸੀਪਲ ਡਾ.ਸਮੀਰ ਸ਼ਰਮਾ ਨੇ ਦੱਸਿਆ ਕਿ ਮੀਨਾਕਸ਼ੀ ਆਨੰਦ ਜੀ ਮੁਕੇਰੀਆ ਦੇ ਮਾਨਸਰ ਇਲਾਕੇ ਦੀ ਰਹਿਣ ਵਾਲੀ ਹੈ। ਉਸ ਨੇ ਪੀਟੀਸੀ ਚੈਨਲ ਵੱਲੋਂ ਆਯੋਜਿਤ ਪੰਜਾਬ ਸੁਪਰ ਸ਼ੈੱਫ ਸੀਜ਼ਨ 7 ਦਾ ਖਿਤਾਬ ਜਿੱਤ ਕੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਉਹ ਇੱਕ ਮਜ਼ਬੂਤ ਘਰੇਲੂ ਔਰਤ ਅਤੇ ਸਮਾਜ ਸੇਵੀ ਹੈ। ਜਿੱਥੇ ਉਹ ਘਰ ਦੀਆਂ ਔਰਤਾਂ ਲਈ ਪ੍ਰੇਰਨਾ ਸਰੋਤ ਬਣੀ ਹੈ। ਉਹ ਕਾਲਜ ਦੀਆਂ ਵਿਦਿਆਰਥਣਾਂ ਲਈ ਵੀ ਖਿੱਚ ਦਾ ਕੇਂਦਰ ਬਣੀ ਅਤੇ ਇੱਕ ਆਦਰਸ਼ ਸਫ਼ਲ ਔਰਤ ਵਜੋਂ ਮਸ਼ਹੂਰ ਹੋਈ। ਇਸ ਪ੍ਰਾਪਤੀ ਲਈ ਉਸ ਨੂੰ ਵੱਡੀਆਂ ਕੰਪਨੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਕਾਲਜ ਮੈਨੇਜਮੈਂਟ ਕਮੇਟੀ ਦਾ ਅਹਿਮ ਹਿੱਸਾ ਹੋਣ ਕਰਕੇ ਐਸ.ਪੀ.ਐਨ ਕਾਲਜ਼ ਵੀ ਉਨ੍ਹਾਂ ਦਾ ਸਨਮਾਨ ਕਰਨ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ। ਆਪਣੇ ਬਿਆਨ ਵਿੱਚ ਸ਼੍ਰੀਮਤੀ ਮੀਨਾਕਸ਼ੀ ਨੇ ਇਸ ਸਮਾਗਮ ਦੇ ਆਯੋਜਨ ਲਈ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੰਦਰੂਨੀ ਤਾਕਤ, ਮਿਹਨਤ ਅਤੇ ਆਪਣੇ ਆਪ ਵਿੱਚ ਪੂਰਨ ਵਿਸ਼ਵਾਸ ਜੀਵਨ ਵਿੱਚ ਉੱਚੀਆਂ ਮੰਜ਼ਿਲਾ ਨੂੰ ਹਾਸਲ ਕਰਨ ਵਿੱਚ ਮਦਦਗਾਰ ਹੁੰਦੀ ਹੈ। ਅੰਤ ਵਿੱਚ ਕਾਲਜ ਮੈਨੇਜ਼ਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਜੀਤ ਨਾਰੰਗ ਅਤੇ ਕਾਲਜ ਮੈਨੇਜ਼ਮੈਂਟ ਕਮੇਟੀ ਦੇ ਜਨਰਲ ਸਕੱਤਰ ਸ਼ੰਜੀਵ ਆਨੰਦ ਨੇ ਜੇਤੂ ਮੀਨਾਕਸ਼ੀ ਆਨੰਦ ਨੂੰ ਮੈਨੇਜ਼ਮੈਂਟ ਕਮੇਟੀ ਦੀ ਤਰਫੋਂ ਵਧਾਈ ਦਿੱਤੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਅਤੇ ਆਪਣੇ ਇਲਾਕੇ ਦਾ ਮਾਣ ਵਧਾਉਣ ਲਈ ਸਖ਼ਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ, ਆਡੀਟਰ ਡਾ.ਰਾਜੇਸ਼ ਲਖਨਪਾਲ, ਸ੍ਰੀਮਤੀ ਚੰਚਲ ਨਾਰੰਗ, ਸ੍ਰੀਮਤੀ ਰੇਣੂ ਅਗਰਵਾਲ ਅਤੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।