ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਣਕ ਦੀ ਬਿਜਾਈ ਲਈ ਡੀ.ਏ.ਪੀ ਦੇ ਬਦਲ ਵਜੋਂ ਹੋਰ ਫਾਸਫੋਰਸ ਮੁਕਤ ਖਾਦਾਂ ਦਾ ਉਪਯੋਗ ਕਰਨ ਦੀ ਅਪੀਲ ’ਤੇ ਮੁੱਖ ਖੇਤੀਬਾੜੀ ਅਫ਼ਸਰ ਦੀਪਇੰਦਰ ਸਿੰਘ ਨੇ ਕਣਕ ਦੀ ਬਿਜਾਈ ਲਈ ਹੋਰ ਫਾਰਸਫੋਰਸ ਤੱਤਾਂ ਵਾਲੀਆਂ ਖਾਦਾਂ ਦੀ ਵਰਤੋਂ ਦੇ ਸੁਝਾਅ ਦਿੱਤੇ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡੀ.ਏ.ਪੀ ’ਚ 46 ਫੀਸਦੀ ਫਾਸਫੋਰਸ ਅਤੇ 18ਫੀਸਦੀ ਨਾਈਟਰੋਜ਼ਨ ਦੀ ਮਾਤਰਾ ਹੁੰਦੀ ਹੈ, ਜੋ ਕਿ ਫਸਲਾਂ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਡੀ.ਏ.ਪੀ ਦਾ ਇਕ ਪ੍ਰਮੁੱਖ ਬਦਲਾਅ ਐਨ.ਪੀ.ਕੇ 12:32:16 ਖਾਦ ਹੋ ਸਕਦਾ ਹੈ, ਜਿਸ ਵਿਚ 32 ਫੀਸਦੀ ਫਾਸਫੋਰਸ, 12 ਫੀਸਦੀ ਨਾਈਟਰੋਜਨ ਅਤੇ 16 ਫੀਸਦੀ ਪੋਟਾਸ਼ ਦੀ ਮਾਤਰਾ ਹੁੰਦੀ ਹੈ। ਡੀ.ਏ.ਪੀ ਦੇ ਇਕ ਬੋਰੇ ਦੀ ਜਗ੍ਹਾ ’ਤੇ ਡੇਢ ਬੋਰਾ ਐਨ.ਪੀ.ਕੇ. 12:32:16 ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਬਦਲਾਅ ਲਗਭਗ ਓਨੀ ਹੀ ਫਾਰਸਫੋਰਸ ਅਤੇ ਨਾਈਟਰੋਜਨ ਦੀ ਪੂਰਤੀ ਕਰਦਾ ਹੈ ਜਿੰਨੀ ਡੀ.ਏ.ਪੀ ਕਰਦਾ ਹੈ, ਨਾਲ ਹੀ 23 ਕਿਲੋਗ੍ਰਾਮ ਪੋਟਾਸ਼ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਐਨ.ਪੀ.ਕੇ 10:26:26 ਵਰਗੇ ਹੋਰ ਤਰ੍ਹਾਂ ਦੇ ਐਨ.ਪੀ.ਕੇ ਖਾਦਾਂ ਦਾ ਵੀ ਬਦਲ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡੀ.ਏ.ਪੀ ਦੇ ਤੀਜੇ ਬਦਲ ਦੇ ਰੂਪ ਵਿਚ ਸਿੰਗਲ ਸੁਪਰ ਫਾਸਫੇਟ (ਐਸ.ਐਸ.ਪੀ) ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵਿਚ 16 ਫੀਸਦੀ ਫਾਸਫੋਰਸ ਤੱਤ ਦੇ ਨਾਲ 18 ਕਿਲੋਗ੍ਰਾਮ ਸਲਫਰ ਹੁੰਦਾ ਹੈ, ਜੋ ਕਣਕ ਵਰਗੀ ਫਸਲ ਲਈ ਲਾਭਕਾਰੀ ਹੈ। ਐਸ.ਐਸ.ਪੀ ਦੇ ਤਿੰਨ ਬੋਰੇ ਫਾਸਫੋਰਸ ਦੀ ਪੂਰਤੀ ਦੇ ਨਾਲ ਸਲਫਰ ਦੀ ਵੀ ਸਪਲਾਈ ਕਰਦਾ ਹੈ। ਟ੍ਰਿਪਲ ਸੁਪਰ ਫਾਸਫੇਟ (ਟੀ.ਐਸ.ਪੀ) ਵੀ ਇਕ ਨਵਾਂ ਵਿਕਲਪ ਹੈ, ਜਿਸ ਵਿਚ ਡੀ.ਏ.ਪੀ ਦੇ ਸਮਾਨ 46 ਫੀਸਦੀ ਫਾਰਫੋਰਸ ਤੱਤ ਦੀ ਮਾਤਰਾ ਪਾਈ ਜਾਂਦੀ ਹੈ। ਇਹ ਇਕ ਉਚ ਫਾਸਫੋਰਸ ਖਾਦ ਹੈ ਅਤੇ ਕਿਸਾਨ ਇਸ ਨੂੰ ਪਹਿਲੀ ਵਾਰ ਅਜ਼ਮਾ ਸਕਦੇ ਹਨ। ਦੀਪਇੰਦਰ ਸਿੰਘ ਨੇ ਕਿਹਾ ਕਿ ਜੇਕਰ ਸਿੰਗਲ ਸੁਪਰ ਫਾਰਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਬਿਜਾਈ ਸਮੇਂ ਪ੍ਰਤੀ ਏਕੜ 20 ਕਿਲੋਗ੍ਰਾਮ ਯੂਰੀਆ ਦੀ ਵਰਤੋਂ ਕਰਨੀ ਵੀ ਜ਼ਰੂਰੀ ਹੈ ਤਾਂ ਜੋ ਫ਼ਸਲ ਦੀ ਨਾਈਟਰੋਜਨ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਕਿਸਾਨਾਂ ਲਈ ਡੀ.ਏ.ਪੀ ਦੀ ਉਪਲਬੱਧਤਾ ਨਾ ਹੋਣ ਦੀ ਸੂਰਤ ਵਿਚ ਬਦਲ ਦੇ ਰੂਪ ਵਿਚ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਿਫਾਰਸ਼ਾਂ ਅਨੁਸਾਰ ਆਪਣੀ ਫਸਲਾਂ ਦੀ ਖਾਦ ਦੀ ਜ਼ਰੂਰਤ ਨੂੰ ਪੂਰਾ ਕਰਨ ਅਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ।