ਅਧਿਆਪਕ ਦਿਵਸ ਮੌਕੇ ਡੀਏਵੀ ਕਾਲਜ ਹੁਸ਼ਿਆਰਪੁਰ ’ਚ ਲੱਗਾ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ

ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਟੈਮ ਸੈੱਲ ਰਜਿਸਟ੍ਰੇਸ਼ਨ ਲਈ ਕੀਤਾ ਉਤਸ਼ਾਹਿਤ
ਕਾਲਜ ਦੇ 110 ਵਿਦਿਆਰਥੀਆਂ ਨੇ ਸਟੈਮ ਸੈੱਲ ਦਾਨ ਕਰਨ ਲਈ ਕਰਵਾਈ ਰਜਿਸਟ੍ਰੇਸ਼ਨ

ਹੁਸ਼ਿਆਰਪੁਰ,(ਰਾਜਦਾਰ ਟਾਇਮਸ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਵਿਚ ਅੱਜ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਵਿਖੇ ਛੇਵਾਂ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੇ ਉਦਘਾਟਨ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਤੇ ਕਾਲਜ ਦੇ ਸਟਾਫ਼ ਨੂੰ ਸਟੈਮ ਸੈੱਲ ਰਜਿਸਟ੍ਰੇਸ਼ਨ ਲਈ ਉਤਸ਼ਾਹਿਤ ਵੀ ਕੀਤਾ। ਇਸ ਦੌਰਾਨ ਕਾਲਜ ਦੇ 110 ਵਿਦਿਆਰਥੀਆਂ ਨੇ ਸਟੈਮ ਸੈਲ ਦਾਨ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ।

ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਦੇ ਕਨਵੀਨਰ ਨਰੇਸ਼ ਗੁਪਤਾ ਨੇ ਦੱਸਿਆ ਕਿ ਅਰਜੁਨਵੀਰ ਫਾਊਂਡੇਸ਼ਨ ਦੇ ਜਸਲੀਨ ਗਰਚਾ ਨੇ ਵਿਦਿਆਰਥੀਆਂ ਨੂੰ ਸਟੈਮ ਸੈੱਲ ਰਜਿਸਟ੍ਰੇਸ਼ਨ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਮਝਾਇਆ ਕਿ ਕਿਸ ਤਰ੍ਹਾਂ ਰਜਿਸਟ੍ਰੇਸ਼ਨ ਰਾਹੀਂ ਅਸੀਂ ਕਿਸੇ ਵੀ ਜ਼ਰੂਰਤਮੰਦ ਬਿਮਾਰੀ ਵਿਅਕਤੀ ਨੂੰ ਸਿਹਤਮੰਦ ਕਰਨ ਵਿਚ ਆਪਣਾ ਯੋਗਦਾਨ ਦੇ ਸਕਦੇ ਹਾਂ। ਪ੍ਰੋਜੈਕਟ ਕਨਵੀਨਰ ਨੇ ਸਟੈਮ ਸੈੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਾਲਜ ਅਧਿਆਪਕਾਂ ਵਲੋਂ ਚਲਾਏ ਗਏ ਜਾਗਰੂਕਤਾ ਅਭਿਆਨ ਦੇ ਚੱਲਦਿਆਂ ਬਹੁਤ ਸਾਰੇ ਵਿਦਿਆਰਥੀਆਂ ਨੇ ਸਟੈਮ ਸੈੱਲ ਦਾਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਅਤੇ ਆਪਣੇ ਓਰਲ ਸਵੈਬ ਦੇ ਨਮੂਨੇ ਦਿੱਤੇ। ਨਰੇਸ਼ ਗੁਪਤਾ ਨੇ ਦੱਸਿਆ ਕਿ ਲੋਕਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਜ਼ਿਲ੍ਹੇ ਵਿਚ ਅਰਜੁਨਵੀਰ ਫਾਊਂਡੇਸ਼ਨ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਸਟੈਮ ਸੈੱਲ ਯੋਜਨਾ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟੈਮ ਸੈੱਲ ਥਰੈਪੀ ਬਲੱਡ ਕੈਂਸਰ, ਥੈਲੇਸੀਮੀਆ, ਜੈਨੈਟਿਕ ਡਿਸਆਰਡਰ ਵਰਗੀਆਂ ਕਈ ਜਾਨਲੇਵਾ ਬਿਮਾਰੀਆਂ ਲਈ ਕਾਫੀ ਕਾਰਗਰ ਹੈ ਅਤੇ ਇਸ ਥਰੈਪੀ ਦੀ ਵਰਤੋਂ ਨਾਲ ਇਨ੍ਹਾਂ ਜਾਨਲੇਵਾ ਬਿਮਾਰੀਆਂ ਦਾ ਇਲਾਜ ਸੰਭਵ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਵਿਨੇ ਕੁਮਾਰ, ਪ੍ਰੋ: ਰਾਜੀਵ ਸ਼ਰਮਾ ਤੋਂ ਇਲਾਵਾ ਕਾਲਜ ਦੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।