ਹੁਸ਼ਿਆਰਪੁਰ,(ਰਾਜ਼ਦਾਰ ਟਾਇਮਸ): ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਵਿਚ ਡੇਂਗੂ ਅਤੇ ਮਲੇਰੀਆ ਪ੍ਰਤੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਲੋਕਾਂ ਨੂੰ ਮੱਛਰਾਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਪ੍ਰਤੀ ਸੁਚੇਤ ਕੀਤਾ ਗਿਆ। ਇਸੇ ਤਹਿਤ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਐਂਟੀ ਲਾਰਵਾ ਦੀਆਂ ਟੀਮਾਂ ਵੱਲੋਂ ਘਰਾਂ, ਫੈਕਟਰੀਆਂ ਦਾ ਦੌਰਾ ਕੀਤਾ ਗਿਆ।ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਸ਼ਹਿਰੀ ਖੇਤਰ ਦੀਆਂ ਟੀਮਾਂ ਵੱਲੋਂ ਅੱਜ 534 ਘਰਾਂ ਵਿੱਚ ਦਸਤਕ ਦਿੱਤੀ ਗਈ ਅਤੇ 17 ਘਰਾਂ ਵਿੱਚ ਲਾਰਵਾ ਪਾਇਆ ਗਿਆ। ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਨਾਂ ਥਾਂਵਾਂ ਤੇ ਸਿਹਤ ਕਾਮਿਆਂ ਵੱਲੋਂ ਮੱਛਰਾਂ ਅਤੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਸਪਰੇਅ ਵੀ ਕਰਵਾਈ ਗਈ।
ਇਸ ਤੋਂ ਇਲਾਵਾ ਟੀਮਾਂ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਓ ਸੰਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ ਅਤੇ ਲੋਕਾਂ ਨੂੰ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 1450 ਡੇਂਗੂ ਦੇ ਕੇਸ ਪਾਏ ਜਾ ਚੁੱਕੇ ਹਨ ਜਿਨਾਂ’ਚੋਂ 405 ਕੇਸ ਹੁਸ਼ਿਆਰਪੁਰ ਸਿਟੀ ਦੇ ਹਨ।
ਉਨਾਂ ਸ਼ਹਿਰ ਵਾਸੀਆਂ ਨੂੰ ਸਰਵੇ ਕਰ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਭਾਵ ਡਰਾਈ ਡੇ ਵਜੋਂ ਮਨਾਉਣ ਤਾਂ ਹੀ ਡੇਂਗੂ ਦੀ ਬੀਮਾਰੀ ਤੋਂ ਬੱਚਿਆਂ ਜਾ ਸਕਦਾ ਹੈ।